ਬੀਬੀਐਨ ਨੈਟਵਰਕ ਪੰਜਾਬ, ਫਾਜ਼ਿਲਕਾ ਬਿਊਰੋ, 9 ਅਪ੍ਰੈਲ
ਅਬੋਹਰ ਨੇੜਲੇ ਪਿੰਡ ਬੱਲੂਆਣਾ ਤੋਂ ਏਲਨਾਬਾਦ ਸ਼ੋਕ ਸਭਾ ਲਈ ਜਾ ਰਹੇ ਦਿਉਰ-ਭਰਜਾਈ ਦੀ ਬੀਤੀ ਸ਼ਾਮ ਪਿੰਡ ਸੀਤੋ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ ਜਦਕਿ ਉਨ੍ਹਾਂ ਨਾਲ ਮੌਜੂਦ 3 ਸਾਲਾ ਬੱਚਾ ਵਾਲ-ਵਾਲ ਬਚ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ। ਇਹ ਹਾਦਸਾ ਬਾਈਕ ਅੱਗੇ ਅਚਾਨਕ ਲਵਾਰਸ ਪਸ਼ੂ ਆਉਣ ਕਾਰਨ ਵਾਪਰਿਆ। ਜਾਣਕਾਰੀ ਅਨੁਸਾਰ ਬੱਲੂਆਣਾ ਅਧੀਨ ਪੈਂਦੇ ਢਾਣੀ ਦੇਸਰਾਜ ਦਾ ਰਹਿਣ ਵਾਲਾ ਭੋਲਾ, ਉਸ ਦੀ ਭਰਜਾਈ ਰਾਜ ਕੌਰ, ਪਤਨੀ ਫੁਲਾਰਾਮ ਅਤੇ ਉਨ੍ਹਾਂ ਦਾ ਤਿੰਨ ਸਾਲਾ ਪੋਤਾ ਅਮਨਜੋਤ ਬਾਈਕ 'ਤੇ ਏਲਨਾਬਾਦ ਵਿਖੇ ਇਕ ਸ਼ੋਕ ਸਭਾ ਲਈ ਜਾ ਰਹੇ ਸਨ। ਜਦੋਂ ਉਹ ਸ਼ਾਮ 5 ਵਜੇ ਦੇ ਕਰੀਬ ਸੀਤੋ ਨੇੜੇ ਸਰਦਾਰਪੁਰਾ ਢਾਣੀ ਕੋਲ ਪਹੁੰਚੇ ਤਾਂ ਅਚਾਨਕ ਪਸ਼ੂ ਸੜਕ 'ਤੇ ਆ ਗਿਆ ਤੇ ਉਨ੍ਹਾ ਦੇ ਮੋਟਰਸਾਈਕਲ ਨਾਲ ਟਕਰਾ ਗਿਆ ਜਿਸ ਕਾਰਨ ਉਹ ਡਿੱਗ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਦਕਿ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਦੀ ਸੂਚਨਾ ਆਸ-ਪਾਸ ਦੇ ਲੋਕਾਂ ਨੇ ਐੱਸਐੱਸਐੱਫ ਟੀਮ ਨੂੰ ਦਿੱਤੀ ਜਿਸ 'ਤੇ ਟੀਮ ਦੇ ਇੰਚਾਰਜ ਏਐੱਸਆਈ ਕਾਂਸ਼ੀਰਾਮ ਤੇ ਸਰੋਜ ਰਾਣੀ, ਰੇਣੂ, ਪ੍ਰਵੀਨ ਅਤੇ ਰਜਿੰਦਰ ਕੰਬੋਜ ਤੁਰੰਤ ਗੱਡੀ ਲੈ ਕੇ ਪੁੱਜੇ। ਜ਼ਖ਼ਮੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦਿਉਰ-ਭਰਜਾਈ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਪਸ਼ੂਆਂ ਕਾਰਨ ਇਕ ਹਫਤੇ 'ਚ ਕਰੀਬ ਚਾਰ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਹਾਲ ਹੀ 'ਚ ਤਿੰਨ ਬੱਚਿਆਂ ਦੇ ਪਿਤਾ ਦੀ ਮੌਤ ਹੋ ਗਈ ਸੀ।