ਬੀਬੀਐਨ ਨੈਟਵਰਕ ਪੰਜਾਬ, ਤਰਨਤਾਰਨ ਬਿਊਰੋ,10 ਅਪ੍ਰੈਲ
ਪਿੰਡ ਏਕਲਗੱਡਾ ਵਿਖੇ ਰਾਹ ਜਾਂਦੇ ਮੋਟਰਸਾਈਕਲ ਸਵਾਰ ਨੌਜਵਾਨ ’ਤੇ ਬਾਈਕ ਸਵਾਰ ਦੋ ਲੋਕਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਉਕਤ ਨੌਜਵਾਨ ਦੇ ਚਾਰ-ਪੰਜ ਗੋਲੀਆਂ ਲੱਗੀਆਂ ਅਤੇ ਗੰਭੀਰ ਹਾਲਤ ’ਚ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਨੌਜਵਾਨ ਦੇ ਪਰਿਵਾਰ ਮੁਤਾਬਕ ਉਸ ਨੇ ਕਰੀਬ ਇਕ ਸਾਲ ਪਹਿਲਾਂ ਪਿੰਡ ’ਚ ਪੇ੍ਰਮ ਵਿਆਹ ਕਰਵਾਇਆ ਸੀ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਕਥਿਤ ਤੌਰ ’ਤੇ ਉਸ ਉੱਪਰ ਗੋਲੀਆਂ ਚਲਵਾਈਆਂ ਹਨ। ਥਾਣਾ ਵੈਰੋਵਾਲ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਸੁਖਵਿੰਦਰ ਕੌਰ ਵਾਸੀ ਏਕਲਗੱਡਾ ਨੇ ਦੱਸਿਆ ਕਿ ਉਸ ਦੇ ਲੜਕੇ ਰਵਿੰਦਰ ਸਿੰਘ ਨੇ ਪਿੰਡ ਦੀ ਕੁੜੀ ਨਾਲ ਕਰੀਬ ਇਕ ਸਾਲ ਪਹਿਲਾਂ ਪੇ੍ਰਮ ਵਿਆਹ ਕਰਵਾਇਆ ਸੀ। ਸੋਮਵਾਰ ਦੇਰ ਸ਼ਾਮ ਉਹ ਪਤੀ ਤੇ ਲੜਕੇ ਸਮੇਤ ਖੇਤਾਂ ਵਿਚ ਕੰਮ ਕਰ ਕੇ ਪਿੰਡ ਵੱਲ ਆ ਰਹੇ ਸੀ। ਉਸ ਦਾ ਲੜਕਾ ਰਵਿੰਦਰ ਸਿੰਘ ਮੋਟਰਸਾਈਕਲ ’ਤੇ ਉਨ੍ਹਾਂ ਦੇ ਅੱਗੇ ਜਾ ਰਿਹਾ ਸੀ ਕਿ ਰੋਹੀ ਵਾਲੇ ਪੁਲ ਕੋਲ ਮੋਟਰਸਾਈਕਲ ਸਵਾਰ ਦੋ ਲੋਕ ਆਏ ਜਿਨ੍ਹਾਂ ’ਚੋਂ ਪਿੱਛੇ ਬੈਠੇ ਵਿਅਕਤੀ ਨੇ ਉਸ ਦੇ ਲੜਕੇ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ ਜਿਸ ਦੇ ਚੱਲਦਿਆਂ ਉਹ ਸੜਕ ’ਤੇ ਜਾ ਡਿੱਗਾ ਜਦੋਂਕਿ ਡਿੱਗੇ ਪਏ ਉੱਪਰ ਵੀ ਉਕਤ ਲੋਕਾਂ ਨੇ ਰਿਵਾਲਵਰ ਨਾਲ ਤਿੰਨ-ਚਾਰ ਹੋਰ ਗੋਲੀਆਂ ਦਾਗ ਦਿੱਤੀਆਂ ਅਤੇ ਫਰਾਰ ਹੋ ਗਏ। ਉਹ ਆਪਣੇ ਲੜਕੇ ਨੂੰ ਲੈ ਕੇ ਜੰਡਿਆਲਾ ਗੁਰੂ ਦੇ ਨਿੱਜੀ ਹਸਪਤਾਲ ਲੈ ਕੇ ਗਏ ਜਿਥੋਂ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ ਅਤੇ ਉਹ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਲੈ ਗਏ। ਉਸ ਨੇ ਦੋਸ਼ ਲਗਾਇਆ ਕਿ ਇਹ ਹਮਲਾ ਨਿਰਵੈਲ ਸਿੰਘ, ਕੰਵਲਜੀਤ ਸਿੰਘ, ਸਾਜਨ ਅਤੇ ਪਰਮਿੰਦਰ ਸਿੰਘ ਜੋ ਲੜਕੀ ਦੇ ਪਰਿਵਾਰ ਵਾਲੇ ਹਨ, ਨੇ ਕਰਵਾਇਆ ਹੈ। ਥਾਣਾ ਵੈਰੋਵਾਲ ਦੇ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਲੋਕਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨਾਂ ਦੀ ਪਛਾਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦੋਂਕਿ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।