ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ,10 ਅਪ੍ਰੈਲ
ਸ਼ਹਿਰ ਦੇ ਸੈਕਟਰ 35 ਸਥਿਤ ਪਾਰਕ ’ਚ ਇਕ ਲੜਕੀ ਨੂੰ ਜ਼ਿੰਦਾ ਸਾੜਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਪਛਾਣ ਮੋਹਾਲੀ ਦੇ ਸੋਹਾਨਾ ਵਾਸੀ ਰਾਣੀ ਦੇ ਰੂਪ ’ਚ ਹੋਈ ਹੈ। ਮਰਨ ਤੋਂ ਪਹਿਲਾਂ ਲੜਕੀ ਨੇ ਮੈਜਿਸਟ੍ਰੇਟ ਨੂੰ ਬਿਆਨ ਦਿੱਤੇ ਹਨ ਕਿ ਰਾਹੁਲ ਨੇ ਪੈਟਰੋਲ ਛਿੜਕ ਕੇ ਉਸਨੂੰ ਅੱਗ ਲਗਾ ਦਿੱਤੀ। ਸੈਕਟਰ 36 ਥਾਣਾ ਪੁਲਿਸ ਨੇ ਖਰੜ ਵਾਸੀ ਵਿਸ਼ਾਲ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸਨੂੰ ਗਿ੍ਰਫ਼ਤਾਰ ਕਰ ਲਿਆ ਹੈ। ਉਸਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਦੇ ਫੁੱਟੇਜ ਵੀ ਖੰਘਾਲ ਰਹੀ ਹੈ। ਪੁਲਿਸ ਨੂੰ ਸੋਮਵਾਰ ਰਾਤ ਕਰੀਬ ਦੋ ਵਜੇ ਸੂਚਨਾ ਮਿਲੀ ਕਿ ਸੈਕਟਰ 35 ’ਚ ਪੈਟਰੋਲ ਪੰਪ ਦੇ ਨਾਲ ਬਣੇ ਪਾਰਕ ’ਚ ਇਕ ਲੜਕੀ ਗੰਭੀਰ ਝੁਲਸੀ ਹੋਈ ਹਾਲਤ ’ਚ ਪਈ ਹੈ। ਇਸ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਲੜਕੀ ਨੂੰ ਜੀਐੱਮਐੱਸਐੱਚ-16’ਚ ਦਾਖ਼ਲ ਕਰਾਇਆ। ਉਹ 80 ਫ਼ੀਸਦੀ ਸੜੀ ਹੋਣ ਕਾਰਨ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਉੱਥੇ ਪਹੁੰਚਦੇ ਹੀ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕੀਤਾ, ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ। ਸੂਤਰਾਂ ਮੁਤਾਬਕ ਸਵੇਰੇ ਕਰੀਬ ਸਾਢੇ ਸੱਤ ਵਜੇ ਲੜਕੀ ਦੀ ਮੌਤ ਹੋ ਗਈ। ਮੁਲਜ਼ਮ ਨੌਜਵਾਨ ਦੇ ਵੀ ਹੱਥ ਤੇ ਪੈਰ ਝੁਲਸੇ ਹੋਏ ਹਨ। ਪੁਲਿਸ ਨੇ ਦੇਰ ਰਾਤ ਉਸਦੀ ਵੀ ਜੀਐੱਮਐੱਸਐੱਚ-16 ’ਚ ਮਲ੍ਹਮ ਪੱਟੀ ਕਰਾਈ ਹੈ। ਪੁਲਿਸ ਨੂੰ ਇਸ ਮਾਮਲੇ ’ਚ ਇਕ ਚਸ਼ਮਦੀਦ ਗਵਾਹ ਵੀ ਮਿਲਿਆ ਹੈ, ਜਿਸਨੇ ਦੋਵਾਂ ’ਚ ਪਾਰਕ ’ਚ ਬਹਿਸ ਹੁੰਦੇ ਹੋਏ ਦੇਖੀ ਸੀ।