ਬੀਬੀਐਨ ਨੈਟਵਰਕ ਪੰਜਾਬ, ਹੁਸ਼ਿਆਰਪੁਰ ਬਿਊਰੋ,10 ਅਪ੍ਰੈਲ
ਕਿਸੇ ਵੇਲੇ ਅੰਬਾਂ, ਚੋਆਂ ਅਤੇ ਫ਼ੁੱਟਬਾਲ ਦੀ ਧਰਤੀ ਵਜੋਂ ਜਾਣੇ ਜਾਂਦੇ ਮਾਹਿਲਪੁਰ ਸ਼ਹਿਰ ਨੇ ਬੇਸ਼ਕ ਵੱਡੇ ਵੱਡੇ ਸਿਆਸਤਦਾਨ, ਅਫ਼ਸਰ, ਦੇਸ਼ ਭਗਤ, ਫ਼ੁੱਟਬਾਲਰ, ਫ਼ੌਜ ਅਤੇ ਪੰਜਾਬ ਪੁਲਿਸ ਸਮੇਤ ਹਰ ਵਿਭਾਗ ਨਾਲ ਸਬੰਧਤ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ ਪਰੰਤੂ ਰਾਜਸੀ ਲਾਰਿਆਂ ਕਾਰਨ ਵਿਕਾਸ ਪੱਖ਼ੋਂ ਪੂਰੀ ਤਰ੍ਹਾਂ ਨਾਲ ਇਹ ਹਲਕਾ ਨਾ ਸਿਰਫ਼ ਪੱਛੜ ਗਿਆ ਬਲਕਿ ਹਲਕਾਬੰਦੀ ਕਾਰਨ ਹਰ ਰਾਜਸੀ ਪਾਰਟੀ ਦਾ ਇਸ ਹਲਕੇ ਨਾਲੋਂ ਮੋਹ ਵੀ ਭੰਗ ਹੁੰਦਾ ਗਿਆ। ਅੱਜਕੱਲ ਤਾਂ ਰਾਜਸੀ ਗਤੀਵਿਧੀਆਂ ਵੀ ਠੱਪ ਹੋ ਚੁੱਕੀਆਂ ਹਨ, ਬੇਸ਼ੱਕ ਚੋਣਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। 1997 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਸ਼ਹਿਰ ਵਿਚ ਸਬ ਤਹਿਸੀਲ ਅਤੇ ਵਿੰਗ ਸਥਾਪਿਤ ਕਰ ਕੇ ਸ਼ਹਿਰ ਅਤੇ ਹਲਕਾ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਸੀ ਪਰੰਤੂ ਸਮੇਂ ਦੇ ਨਾਲ-ਨਾਲ ਅਤੇ ਰਾਜਸੀ ਆਗੂਆਂ ਵੱਲੋਂ ਆਪਣੇ ਹਿੱਤਾਂ ਲਈ ਵਿੰਗ ਖ਼ਤਮ ਕਰ ਦਿੱਤਾ। ਸ਼ਹਿਰ ਵਾਸੀਆਂ ਵੱਲੋਂ ਕੀਤੇ ਵਿਰੋਧ ਕਾਰਨ ਬਾਅਦ ਵਿਚ ਇਹ ਵਿੰਗ ਫ਼ੁੱਟਬਾਲ ਦੀ ਅਕਾਦਮੀ ਵਿਚ ਬਦਲ ਦਿੱਤਾ ਗਿਆ ਪਰੰਤੂ ਇਸ ਸਮੇਂ ਫ਼ੁੱਟਬਾਲ ਦੀ ਵਿਰਾਸਤ ਨੂੰ ਸੰਭਾਲਣ ਵਾਲੀ ਇਹ ਅਕਾਦਮੀ ਵੀ ਬੰਦ ਹੋਣ ਦੀ ਕਗਾਰ ’ਤੇ ਖੜ੍ਹੀ ਹੈ। ਪੰਜਾਬ ਵਿਚ ਆਪ ਸਰਕਾਰ ਬਣਨ ਤੋਂ ਬਾਅਦ ਤੱਤਕਾਲੀ ਖ਼ੇਡ ਮੰਤਰੀ ਮੀਤ ਹੇਅਰ ਨੇ ਇਸ ਦੀ ਅਚਨਚੇਤ ਚੈਕਿੰਗ ਕਰਕੇ ਇਸ ਦੀ ਮੌਜੂਦਾ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਤਾਂ ਲੋਕਾਂ ਨੂੰ ਆਸ ਜਾਗੀ ਸੀ ਪਰੰਤੂ ਉਹ ਵੀ ਲਾਰਿਆਂ ਵਿਚ ਹੀ ਰਹਿ ਗਈ। ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਲੰਮੇ ਸਮੇਂ ਤੋਂ ਹੈ। ਸ਼ਹਿਰ ਦੇ ਚੜ੍ਹਦੇ, ਪੱਛਮੀ ਅਤੇ ਮੱਧ ਭਾਗ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਲਈ ਲੋਕ ਸਦਾ ਤੋਂ ਸੰਘਰਸ਼ ਕਰਦੇ ਹੀ ਨਜ਼ਰ ਆਏ ਹਨ। ਨਗਰ ਪੰਚਾਇਤ ਵੱਲੋਂ ਟੈਂਕਰਾਂ ਰਾਹੀਂ ਪਾਣੀ ਦੀ ਸਮੱਸਿਆ ਪੂਰਤੀ ਦੇ ਯਤਨ ਹੁੰਦੇ ਰਹਿੰਦੇ ਹਨ ਪਰੰਤੂ ਲੋਕਾਂ ਲਈ ਲੁੜੀਂਦੀ ਮਿਕਦਾਰ ਕਦੇ ਵੀ ਪੂਰੀ ਨਹੀਂ ਹੋਈ। ਨਵਾਂ ਟਿਊਬਵੈੱਲ ਲੱਗਣ ਲਈ ਸ਼ਹਿਰ ਵਾਸੀਆਂ ਨੂੰ ਸੱਤ ਸਾਲ ਇੰਤਜ਼ਾਰ ਕਰਨਾ ਪਿਆ ਪਰੰਤੂ ਉਹ ਵੀ ਪੀਣ ਵਾਲੇ ਪਾਣੀ ਸਮੱਸਿਆ ਨੂੰ ਪੂਰਾ ਨਾ ਕਰ ਸਕਿਆ। ਦਾਣਾ ਮੰਡੀ-ਸ਼ਹਿਰ ਵਿਚ ਇੱਕ ਦਾਣਾ ਮੰਡੀ ਸੀ ਜਿਸ ਨੂੰ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ਹਿਰ ਤੋਂ ਬਾਹਰ ਗੋਂਦਪੁਰ ਰੋਡ ’ਤੇ ਭੇਜ ਦਿੱਤਾ ਗਿਆ ਪਰੰਤੂ ਉਸ ਦਾ ਕੰਮ ਅੱਜ ਤੱਕ ਪੂਰਾ ਨਹੀਂ ਹੋ ਸਕਿਆ। ਕਿਸਾਨ ਆਪਣੇ ਪੱਧਰ ’ਤੇ ਮੌਸਮ ਦੀ ਮਾਰ ਤੋਂ ਬਚਣ ਲਈ ਪ੍ਰਬੰਧ ਕਰ ਲੈਂਦੇ ਹਨ ਪਰੰਤੂ ਪਿਛਲੇ ਅੱਠ ਸਾਲਾਂ ਵਿਚ ਇਸ ਮੰਡੀ ਵਿਚ ਜਿਣਸਾਂ ਲੈ ਕੇ ਆਉਣ ਵਾਲੇ ਕਿਸਾਨ ਅਤੇ ਖ਼ਰੀਦਦਾਰ ਆੜ੍ਹਤੀਏ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੱਕ ਸਰਕਾਰਾਂ ਦਾ ਮੂੰਹ ਦੇਖ ਰਹੇ ਹਨ।