ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ,10 ਅਪ੍ਰੈਲ
ਖਤਰਨਾਕ ਗੈਂਗਸਟਰ ਹੈਪੀ ਪਛੀਆ ਨੇ ਰਾਤ ਨੂੰ ਸੰਦੀਪ ਸਿੰਘ ਉਰਫ ਸ਼ੇਰਾ ਵਾਸੀ ਡੇਰਾ ਬਾਬਾ ਨਾਨਕ, ਗੁਰਦਾਸਪੁਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਗੈਂਗਸਟਰ ਹੈਪੀ ਪਛੀਆ ਗੈਂਗ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵਾਇਰਲ ਹੋਈ ਹੈ। ਦੂਜੇ ਪਾਸੇ ਐੱਸਐੱਸਪੀ ਸਤਿੰਦਰ ਸਿੰਘ ਨੇ ਗੈਂਗਸਟਰਾਂ ਕੁਨੈਕਸ਼ਨ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਅੱਧੀ ਦਰਜਨ ਕੇਸ ਦਰਜ ਹਨ। ਵਾਇਰਲ ਹੋਈ ਪੋਸਟ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪੋਸਟ ਵਿਦੇਸ਼ ਬੈਠੇ ਕਿਸੇ ਵਿਅਕਤੀ ਦੇ ਖਾਤੇ ਤੋਂ ਅਪਲੋਡ ਕੀਤੀ ਗਈ ਹੈ। ਸੰਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਵਲ ਵਰਦੀ ਵਿਚ ਪੁਲਿਸ ਮੁਲਾਜ਼ਮ ਅਕਸਰ ਉਨ੍ਹਾਂ ਦੇ ਘਰ ਆਉਂਦੇ ਰਹਿੰਦੇ ਸਨ। ਜਦੋਂ ਵੀ ਪੁਲਿਸ ਵਾਲੇ ਘਰ ਆਉਂਦੇ ਤਾਂ ਰਾਈਫਲਾਂ ਅਤੇ ਜਾਅਲੀ ਕਰੰਸੀ ਦੀ ਗੱਲ ਹੁੰਦੀ ਸੀ। ਉਸ ਨੂੰ ਕਈ ਵਾਰ ਪਤੀ ਸੰਦੀਪ ਨੂੰ ਪੁਲਿਸ ਨੇ ਘਰ ਆ ਕੇ (ਪਤੀ) ਨੂੰ ਨਾਲ ਲੈ ਜਾਣ ਬਾਰੇ ਪੁੱਛਿਆ ਸੀ ਪਰ ਸੰਦੀਪ ਨੇ ਕਦੇ ਵੀ ਉਸ ਨੂੰ ਸਪੱਸ਼ਟ ਨਹੀਂ ਦੱਸਿਆ। ਸੰਦੀਪ ਨੇ ਆਪਣੀ ਪਤਨੀ ਨੂੰ ਇੰਨਾ ਜ਼ਰੂਰ ਦੱਸਿਆ ਕਿ ਉਹ ਪੁਲਿਸ ਲਈ ਕੰਮ ਕਰਦਾ ਹੈ। ਸ਼ਨਿਚਰਵਾਰ ਨੂੰ ਵੀ ਅਮਨਦੀਪ ਸਿੰਘ ਨਾਂ ਦਾ ਇੰਸਪੈਕਟਰ ਸਿਵਲ ਵਰਦੀ ਵਿਚ ਉਸ ਦੇ ਘਰ ਆਇਆ ਅਤੇ ਸੰਦੀਪ ਨੂੰ ਆਪਣੇ ਨਾਲ ਲੈ ਗਿਆ। ਸੋਮਵਾਰ ਰਾਤ ਉਨ੍ਹਾਂ ਨੂੰ ਮੋਬਾਈਲ ’ਤੇ ਸੂਚਨਾ ਮਿਲੀ ਕਿ ਸੰਦੀਪ ਦਾ ਕਤਲ ਹੋ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਹੈਪੀ ਪਛੀਆ ਨਾਂ ਦੇ ਗੈਂਗਸਟਰ ਨੇ ਸੰਦੀਪ ਦਾ ਕਤਲ ਕੀਤਾ ਹੈ ਕਿਉਂਕਿ ਸੰਦੀਪ ਪੁਲਿਸ ਲਈ ਗੈਂਗਸਟਰਾਂ ਨਾਲ ਕੰਮ ਕਰ ਰਿਹਾ ਸੀ।