ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ,10 ਅਪ੍ਰੈਲ
ਵਕੀਲਾਂ ਦੀਆਂ ਫ਼ਰਜ਼ੀ ਡਿਗਰੀਆਂ ਬਣਾਉਣ ਦੇ ਮਾਮਲੇ ਵਿਚ ਸ਼ਿਕਾਇਤ ਕਰਨ ਵਾਲਾ ਆਮ ਆਦਮੀ ਪਾਰਟੀ ਦਾ ਯੂਥ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਖੁਦ ਹੀ ਫਸ ਗਿਆ। ਪੁਲਿਸ ਨੇ ਇਸ ਮਾਮਲੇ ਵਿਚ ਪਹਿਲਾਂ ਦਰਜ ਮਾਮਲੇ ਵਿਚ ਹੀ ਪ੍ਰਧਾਨ ਸੰਧੂ ਨੂੰ ਨਾਮਜ਼ਦ ਕਰ ਲਿਆ। ਜਾਣਕਾਰੀ ਅਨੁਸਾਰ 2022 ’ਚ ਪਰਮਿੰਦਰ ਸਿੰਘ ਸੰਧੂ ਨੇ ਵਕੀਲ ਦੀਪਕ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ ਜਿਸ ਵਿਚ ਉਸ ਨੇ ਕਿਹਾ ਕਿ ਵਕੀਲ ਨੇ ਆਪਣੇ ਘਰ ’ਚ ਚੱਲ ਰਹੇ ਸੈਂਟਰ ਜ਼ਰੀਏ ਵਕਾਲਤ ਦੀ ਡਿਗਰੀ ਚੌਧਰੀ ਚਰਣ ਸਿੰਘ ਯੂਨੀਵਰਸਿਟੀ ਮੇਰਠ ਤੋਂ ਕਰਵਾਈ। ਉਕਤ ਡਿਗਰੀ 2011 ਤੋਂ ਸ਼ੁਰੂ ਹੋਈ ਅਤੇ 2016 ’ਚ ਪੂਰੀ ਹੋਈ। ਇਸ ਦੇ ਪੇਪਰ ਦੀਪਕ ਦੇ ਘਰ ’ਚ ਬਣੇ ਸੈਂਟਰ ਵਿਚ ਦਿੱਤੇ ਗਏ ਜਿਸ ਦੀ ਡਿਗਰੀ ਵੀ ਪਰਮਿੰਦਰ ਨੂੰ ਦੇ ਦਿੱਤੀ ਅਤੇ 2016 ’ਚ ਪ੍ਰੈਕਟਿਸ ਦਾ ਲਾਇਸੈਂਸ ਵੀ ਦੇ ਦਿੱਤਾ ਪਰ ਬਾਅਦ ਵਿਚ ਪਤਾ ਲੱਗਾ ਕਿ ਉਕਤ ਲਾਇਸੈਂਸ ਕਿਸੇ ਹੋਰ ਦੇ ਨਾਂ ’ਤੇ ਬੋਲ ਰਿਹਾ ਹੈ ਜਿਸ ਤੋਂ ਬਾਅਦ ਦੀਪਕ ਨੇ ਉਸ ਨੂੰ ਕਲੈਰੀਕਲ ਗਲਤੀ ਹੋਣ ਦੀ ਗੱਲ ਕਹਿ ਕੇ ਸਾਰੇ ਦਸਤਾਵੇਜ਼ ਲੈ ਲਏ। ਮਾਮਲੇ ’ਚ 2022 ’ਚ ਸੰਧੂ ਨੇ ਸੀਪੀ ਨੂੰ ਦੀਪਕ ਖ਼ਿਲਾਫ ਸ਼ਿਕਾਇਤ ਦਿੱਤੀ ਸੀ ਜਿਸ ਵਿਚ ਉਸ ਤੋਂ ਇਲਾਵਾ 63 ਹੋਰ ਵਕੀਲਾਂ ਦੀਆਂ ਡਿਗਰੀਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ। ਇਸ ਮਾਮਲੇ ਵਿਚ ਪੁਲਿਸ ਨੇ 23 ਮਾਰਚ 2024 ਨੂੰ ਦੀਪਕ ਨੂੰ ਗਿ੍ਰਫ਼ਤਾਰ ਕਰ ਲਿਆ ਅਤੇ ਉਸ ਦੇ ਬਿਆਨਾਂ ’ਤੇ ਹੁਸ਼ਿਆਰਪੁਰ ਵਾਸੀ ਪਲਵਿੰਦਰ ਸਿੰਘ ਦਾ ਜ਼ਿਕਰ ਕੀਤਾ ਜੋ ਕਿ ਉਸ ਨੂੰ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਦਿੰਦਾ ਸੀ। ਪੁਲਿਸ ਨੇ 27 ਮਾਰਚ ਨੂੰ ਉਸ ਨੂੰ ਵੀ ਨਾਮਜ਼ਦ ਕਰ ਲਿਆ। ਇਸ ਮਾਮਲੇ ਵਿਚ 30 ਜਨਵਰੀ 2023 ਨੂੰ ਵਕੀਲ ਡੇਵਿਡ ਗਿੱਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਸ਼ਿਕਾਇਤ ਕਰਨ ਵਾਲਾ ਸੰਧੂ ਖੁਦ 12ਵੀਂ ਦਾ ਜਾਅਲੀ ਸਰਟੀਫਿਕੇਟ ਲੈ ਕੇ ਘੁੰਮ ਰਿਹਾ ਸੀ, ਉਸੇ ਸਰਟੀਫਿਕੇਟ ਦੇ ਆਧਾਰ ’ਤੇ ਉਸ ਨੇ ਬੀਏ ਐੱਲਐੱਲਬੀ ਦੀ ਡਿਗਰੀ ਹਾਸਲ ਕੀਤੀ ਸੀ। ਫਿਰ ਮਾਮਲੇ ਦੀ ਪੜਤਾਲ ਪੁਲਿਸ ਨੇ ਪਰਮਿੰਦਰ ਸਿੰਘ ਖ਼ਿਲਾਫ਼ ਕੀਤੀ। ਸੰਧੂ ਦਾ 12ਵੀਂ ਦਾ ਸਰਟੀਫਿਕੇਟ 2008 ’ਚ ਦਿੱਲੀ ਬੋਰਡ ਆਫ ਸੀਨੀਅਰ ਸੈਕੰਡਰੀ ਐਜੂਕੇਸ਼ਨ ਦੇ ਨਾਂ ’ਤੇ ਜਾਰੀ ਹੋਇਆ ਸੀ। ਪਰਮਿੰਦਰ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੇ 12ਵੀਂ ਕੀਤੀ ਹੈ ਪਰ ਉਸ ਦਾ ਸਰਟੀਫਿਕੇਟ ਜਨਵਰੀ 2020 ਵਿਚ ਗੁੰਮ ਹੋ ਗਿਆ ਸੀ। ਪੁਲਿਸ ਨੇ ਜਦੋਂ ਰਿਕਾਰਡ ਕਢਵਾਇਆ ਤਾਂ ਪਤਾ ਲੱਗਾ ਕਿ ਮੁਲਜ਼ਮ 12ਵੀਂ ’ਚ ਫੇਲ੍ਹ ਹੋਇਆ ਸੀ। ਉਸ ਨੇ ਜਾਅਲੀ 12ਵੀਂ ਦਾ ਸਰਟੀਫਿਕੇਟ ਲੈ ਕੇ ਵਕਾਲਤ ਦੀ ਡਿਗਰੀ ਲੈਣ ਲਈ ਇਸਤੇਮਾਲ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਰਿਪੋਰਟ ਬਣਾਉਣ ਤੋਂ ਬਾਅਦ ਮੁਲਜ਼ਮ ਸੰਧੂ ਨੂੰ ਵੀ ਧੋਖਾਧੜੀ ਦੇ ਇਸ ਮਾਮਲੇ ਵਿਚ ਨਾਮਜ਼ਦ ਕਰ ਲਿਆ। ਇਸ ਮਾਮਲੇ ਵਿਚ ਜਦੋਂ ਸੰਧੂ ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਉਨ੍ਹਾਂ ਦੇ ਸਾਥੀ ਨੇ ਕਿਹਾ ਕਿ ਉਹ ਮੀਟਿੰਗ ਵਿਚ ਹਨ।