ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 10 ਅਪ੍ਰੈਲ
ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਅਮੀਰ ਬਣਨ ਦੀ ਦੌੜ ਵਿੱਚ ਵਧੇਰੇ ਝਾੜ ਲੈਣ ਕਣਕ, ਚਾਵਲ, ਸਬਜ਼ੀਆਂ, ਫਰੂਟਾਂ ਆਦ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਅੰਨ੍ਹੇਵਾਹ ਆਰਸੈਨਿਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਥੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਿੱਚ ਪ੍ਰਫੁਲਤ ਹੋ ਰਹੇ ਰਾਣੀ ਬੀਬੀ ਦੋਦਾ ਰਗੈਨਿਕ ਫਾਰਮ ਵਿੱਚ ਲਾਏ ਵੱਖ-ਵੱਖ ਫਰੂਟਾਂ ਤੋਂ ਇਲਾਵਾ ਆਰਗੈਨਿਕ ਸੇਬ, ਆਲੂ ਬੁਖਾਰਾ ਅਤੇ ਸੱਤ ਪ੍ਰਕਾਰ ਦੇ ਅੰਬ ਆਉਣ ਵਾਲੇ ਦਿਨਾਂ ਵਿੱਚ ਮਨੁੱਖੀ ਸਿਹਤ ਨੂੰ ਨਰੋਏ ਰੱਖਣ ਵਿੱਚ ਵਰਦਾਨ ਸਾਬਤ ਹੋਣਗੇ। ਇੱਥੇ ਦੱਸਣਯੋਗ ਹੈ ਕਿ ਬੀਬੀ ਦੋਦਾ ਆਰਗੈਨਿਕ ਫਾਰਮ ਨੂੰ ਹੋਂਦ ਵਿੱਚ ਲਿਆਉਣ ਵਾਲੇ ਬਲਾਕ ਕਲਾਨੌਰ ਦੇ ਪਿੰਡ ਭੰਗਵਾਂ ਦੇ ਜੰਮਪਲ ਜਤਿੰਦਰ ਸਿੰਘ ਭੰਗੂ ਚੀਫ ਇੰਜੀਨੀਅਰ-ਕਮ-ਸਟੇਟ ਨੋਡਲ ਅਫਸਰ ਰੂਰਲ ਲਿੰਕ ਰੋਡਜ਼ ਅਤੇ ਅਗਾਂਹਵਧੂ ਕਿਸਾਨ, ਅਮਨਦੀਪ ਸਿੰਘ ਗੁਰਾਇਆ ਕਲਾਨੌਰ ਐੱਸਈ ਮੰਡੀਕਰਨ ਬੋਰਡ ਲੁਧਿਆਣਾ ਵੱਲੋਂ 10 ਏਕੜ ਜ਼ਮੀਨ ਵਿੱਚ ਬਣਾਏ ਗਏ ਆਰਗੈਨਿਕ ਫਾਰਮ ਵਿੱਚ ਇਸ ਵੇਲੇ ਆਲੂ ਬਖਾਰਾ, ਸੇਬ, ਅੰਬ, ਅਮਰ ਪਾਲੀ, ਚੌਸਾ, ਲੰਗੜਾ ਦਸਹਿਰੀ, ਸੁਲਫ ਰੇਖਾ, ਇਦਾਂ ਸਮੇਤ ਸੱਤ ਪ੍ਰਕਾਰ ਦੇ ਅੰਬ, ਲੀਚੀ, ਅਮਰੂਦ, ਹਿਸਾਰ ਸਫੈਦਾ, ਐਲ 49, ਐਬਾ ਕੋਡਾ, ਅੰਜੀਰ, ਚੀਕੂ, ਅਖਰੋਟ, ਆੜੂ, ਜਾਮਨੂੰ, ਕੇਲਾ, ਜਪਾਨੀ ਫਲ ਤੇ ਬਾਗ ਦੇ ਆਲੇ-ਦੁਆਲੇ ਲਾਏ ਗਏ ਗੁਲਾਬ ਦੇ ਬੂਟੇ ਖਿੱਚ ਦੇ ਕੇਂਦਰ ਬਣੇ ਹੋਏ ਹਨ। ਜਤਿੰਦਰ ਸਿੰਘ ਭੰਗੂ ਤੇ ਅਮਨਦੀਪ ਸਿੰਘ ਗੁਰਾਇਆ ਨੇ ਦੱਸਿਆ ਕਿ ਖਾਣ-ਪੀਣ ਵਾਲੇ ਅਨਾਜ ’ਤੇ ਕੀਤੀ ਜਾ ਰਹੀ ਆਰਸੈਨਿਕ ਖਾਦਾਂ ਤੇ ਦਵਾਈਆਂ ਦੀ ਵਰਤੋਂ ਅਤੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਦੂਸ਼ਿਤ ਪਾਣੀ ਤੇ ਵਾਤਾਵਰਣ ਕਰਨ ਕੈਂਸਰ ਵਰਗੀ ਬਿਮਾਰੀ ਪੈਰ ਪਸਾਰਦੀ ਜਾ ਰਹੀ ਹੈ ਅਤੇ ਮਨੁੱਖੀ ਜਾਨਾਂ ਮੌਤ ਦੇ ਮੂੰਹ ਜਾ ਰਹੀਆਂ ਹਨ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਸਿਹਤ ਨੂੰ ਨਰੋਏ ਰੱਖਣ ਦੀ ਮਨੋਰਥ ਨਾਲ ਰਾਣੀ ਬੀਬਾ ਦੋਦਾ ਦੀ ਯਾਦ ਵਿੱਚ ਆਰਗੈਨਿਕ ਫਾਰਮ ਵਿੱਚ ਵੱਖ-ਵੱਖ ਕਿਸਮਾਂ ਦੇ ਫਰੂਟ, ਦਾਲਾਂ, ਸਬਜ਼ੀਆਂ, ਸ਼ਹਿਦ, ਗੁਲਾਬ ਦਾ ਅਰਕ ਅਤੇ ਮਸਾਲਿਆਂ ਤੋਂ ਇਲਾਵਾ ਖਾਣ ਦੀ ਹਰੇਕ ਚੀਜ਼ ਨੂੰ ਆਰਗੈਨਿਕ ਖਾਦਾਂ ਨਾਲ ਤਿਆਰ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।