ਬੀਬੀਐਨ ਨੈਟਵਰਕ ਪੰਜਾਬ, ਮਹਿਲਕਲਾਂ ਬਿਊਰੋ, 10 ਅਪ੍ਰੈਲ
ਭਾਕਿਯੂ ਏਕਤਾ (ਡਕੌਂਦਾ) ਦੀ ਨਿਡਰ ਆਗੂ, ਕਿਸਾਨ ਲਹਿਰ ਦੀ ਵੀਰਾਂਗਣ ਮੁਖਤਿਆਰ ਕੌਰ ਹਰਦਾਸਪੁਰਾ ਦੀ ਕੁੱਝ ਸਮਾਂ ਬੇਵਕਤੀ ਮੌਤ ਹੋ ਗਈ ਸੀ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਇਤਿਹਾਸਕ ਕਿਸਾਨ ਘੋਲ ਦੌਰਾਨ ਪਰਮਜੀਤ ਕੌਰ ਨੇ ਇਤਿਹਾਸਕ ਘੋਲ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਮਹਿਲਕਲਾਂ ਟੋਲ ਪਲਾਜ਼ਾ 'ਤੇ ਔਰਤ ਕਿਸਾਨ ਕਾਰਕੁਨਾਂ ਦਾ ਹਰਦਾਸਪੁਰਾ ਤੋਂ ਜੱਥਾ ਲੈਕੇ ਪਹੁੰਚਦੀ ਰਹੀ ਨਾਂ ਸਿਰਫ ਮਹਿਲਕਲਾਂ ਸਗੋਂ ਦਿੱਲੀ ਟਿੱਕਰੀ ਬਾਰਡਰ 'ਤੇ ਵੀ ਕਿੰਨੀ ਹੀ ਵਾਰ ਔਰਤ ਕਾਰਕੁਨਾਂ ਦਾ ਕਾਫ਼ਲਾ ਲੈਕੇ ਗਈ। ਕਈ-ਕਈ ਦਿਨ ਟਿੱਕਰੀ ਬਾਰਡਰ ਉੱਪਰ ਰੁਕਦੀ ਰਹੀ। ਸਮਾਂ ਹਰ ਆਗੂ ਦੀ ਪਰਖ਼ ਕਰਦੈ। ਇਸੇ ਸਾਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਭਾਕਿਯੂ ਏਕਤਾ ਡਕੌਂਦਾ ਵੱਲੋਂ ਮਹਿਲਕਲਾਂ ਵਿਖੇ ਮਨਾਏ ਗਏ ਸ਼ਹੀਦੀ ਦਿਵਸ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਭੈਣ ਮੁਖਤਿਆਰ ਕੌਰ ਦੇ ਸਿਰ ਤੋਂ ਭਾਵੇਂ 40 ਸਾਲ ਪਹਿਲਾਂ ਭਰ ਜਵਾਨ ਅਵਸਥਾ ਵਿੱਚ ਪਤੀ ਦਾ ਸਾਇਆ ਉੱਠ ਗਿਆ ਸੀ। ਹੱਥੀਂ ਕਿਰਤ ਕਰਕੇ ਆਪਣੇ ਆਪ ਨੂੰ ਸੰਭਾਲਿਆ, ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਹੁਣ ਬੱਚਿਆਂ ਵੱਲੋਂ ਆਪਣੀ ਜ਼ਿੰਮੇਵਾਰੀ ਸੰਭਾਲਣ ਉਪਰੰਤ ਤਾਂ ਆਪਣੇ ਆਪ ਨੂੰ ਕਿਸਾਨ/ਲੋਕ ਲਹਿਰ ਦੇ ਕੁੱਲਵਕਤੀ ਕਾਮੇ ਵਜੋਂ ਸਮਰਪਿਤ ਕਰ ਦਿੱਤਾ ਸੀ। ਇਸ ਤਰ੍ਹਾਂ ਦਾ ਹੌਸਲਾ ਅਤੇ ਦ੍ਰਿੜ੍ਹ ਇਰਾਦਾ ਸੀ ਭੈਣ ਮੁਖਤਿਆਰ ਕੌਰ ਦਾ। ਭੈਣ ਮੁਖਤਿਆਰ ਕੌਰ ਨੇ ਕਿੰਨੇ ਹੀ ਵਾਰ ਮਾਣ ਨਾਲ ਆਖਿਆ ਕਿ ਮੈਂ ਆਪਣਾ ਬਾਕੀ ਰਹਿੰਦਾ ਜਿੰਦਗੀ ਦਾ ਸਫ਼ਰ ਲੋਕ ਸੰਘਰਸ਼ਾਂ ਦੇ ਲੇਖੇ ਲਾਉਣਾ ਹੈ। ਮੁਖਤਿਆਰ ਕੌਰ ਹਰਦਾਸਪੁਰਾ ਦਾ ਬੇਵਕਤੀ ਚਲੇ ਜਾਣਾ ਪਰਿਵਾਰ ਸਮੇਤ ਕਿਸਾਨ ਲਹਿਰ ਖਾਸ ਕਰ ਭਾਕਿਯੂ ਏਕਤਾ(ਡਕੌਂਦਾ) ਲਈ ਵੱਡਾ ਨਾਂ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਜ਼ਿਲ੍ਹਾ ਆਗੂ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਮੁਖਤਿਆਰ ਕੌਰ ਦੇ ਕਿਸਾਨ ਮੋਰਚੇ ਨੂੰ ਸਫ਼ਲ ਬਣਾਉਣ ਤੋਂ ਵੀ ਅੱਗੇ ਸਮਾਜਿਕ ਜਬਰ ਖਾਸ ਕਰ 27 ਸਾਲ ਤੋਂ ਲਟਕ ਲਟ ਕਰਕੇ ਬਲ ਰਹੇ ਮਹਿਲਕਲਾਂ ਲੋਕ ਘੋਲ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਹਰਦਾਸਪੁਰਾ ਨੇ ਮੁਖਤਿਆਰ ਕੌਰ ਦੀ ਸੰਘਰਸ਼ ਰੂਪੀ ਵਿਰਾਸਤ ਨੂੰ ਸੰਭਾਲਣ ਲਈ ਔਰਤਾਂ ਨੂੰ ਜਥੇਬੰਦੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਇਸ ਸਮੇਂ ਆਗੂਆਂ ਨਾਨਕ ਸਿੰਘ ਅਮਲਾ ਸਿੰਘ ਵਾਲਾ,ਡਾ ਰਜਿੰਦਰ ਪਾਲ, ਮੁਕੰਦ ਸਿੰਘ ਹਰਦਾਸਪੁਰਾ, ਅਜਮੇਰ ਸਿੰਘ ਕਾਲਸਾਂ, ਨੌਜਵਾਨ ਆਗੂ ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ। ਆਗੂਆਂ ਨੇ ਹੁਣ ਪਾਰਲੀਮੈਂਟ ਚੋਣਾਂ ਵਿੱਚ ਕਿਸਾਨਾਂ/ਮਜ਼ਦੂਰਾਂ ਦੀ ਮੁੱਖ ਦੁਸ਼ਮਣ ਭਾਰਤੀ ਜਨਤਾ ਪਾਰਟੀ ਨੂੰ ਐਸਕੇਐਮ ਵੱਲੋਂ ਤਹਿ ਕੀਤੇ 11 ਨੁਕਾਤੀ ਸਵਾਲ ਨਾਮੇ ਨੂੰ ਅਮਲਾ ਜਾਮਾ ਪਹਿਨਾਉਣ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ।