ਬੀਬੀਐਨ ਨੈਟਵਰਕ ਪੰਜਾਬ, ਫਾਜ਼ਿਲਕਾ ਬਿਊਰੋ, 10 ਅਪ੍ਰੈਲ
ਜਲਾਲਾਬਾਦ 'ਚ ਨਰਾਤਿਆਂ ਦੇ ਚੱਲਦੇ ਵਰਤ ਵਾਲਾ ਆਟਾ ਖਾਣ ਨਾਲ ਕਈ ਲੋਕਾਂ ਦੇ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੜਊ ਦਾ ਆਟਾ ਖਾਣ ਨਾਲ ਲੋਕਾਂ ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਨਰਾਤਿਆਂ ਦਾ ਤਿਉਹਾਰ ਸ਼ਰਧਾ ਭਾਵਨਾ ਦਾ ਤਿਉਹਾਰ ਹੈ ਤੇ ਅਜਿਹੇ ਵਿਚ ਇਸ ਮੰਦਭਾਗੀ ਘਟਨਾ ਨੇ ਦਿਲ ਨੂੰ ਬੜੀ ਠੇਸ ਪਹੁੰਚਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅੰਕਿਤ ਮਿਡਾ ਨੇ ਦੱਸਿਆ ਕਿ ਕੱਲ੍ਹ ਤੋਂ ਪੇਟਦਰਦ, ਉਲਟੀਆਂ ਤੇ ਘਬਰਾਹਟ ਵਾਲੇ ਬਹੁਤ ਸਾਰੇ ਮਰੀਜ਼ ਜਦੋਂ ਹਸਪਤਾਲ ਆਏ ਤਾਂ ਮੁਢਲੀ ਜਾਂਚ ਤੋਂ ਪਤਾ ਲੱਗ ਗਿਆ ਕਿ ਇਨ੍ਹਾਂ ਨੇ ਵਰਤ ਵਾਲੇ ਆਟੇ ਦਾ ਸੇਵਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਆਏ ਮਰੀਜ਼ਾਂ 'ਚੋਂ ਬਹੁਤਿਆਂ ਨੂੰ ਇਲਾਜ ਤੋਂ ਬਾਅਦ ਅੱਜ ਘਰ ਭੇਜ ਦਿੱਤਾ ਗਿਆ। ਵਰਤ ਵਾਲ਼ਾ ਆਟਾ ਖ਼ਾ ਕੇ ਬਿਮਾਰ ਹੋਣ ਬਾਬਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਾਂਚ ਟੀਮ ਜਲਾਲਾਬਾਦ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ।