ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 11 ਅਪ੍ਰੈਲ
ਜ਼ਿਲ੍ਹਾ ਜਥੇਬੰਦਕ ਇਜਲਾਸ ਵਿੱਚ ਜਗਤਾਰ ਸਿੰਘ ਦੇਹੜਕਾ ਮੁੜ ਜ਼ਿਲ੍ਹਾ ਪ੍ਰਧਾਨ, ਇੰਦਰਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਜਨਰਲ ਸਕੱਤਰ ਅਤੇ ਤਰਸੇਮ ਸਿੰਘ ਬੱਸੂਵਾਲ ਖਜ਼ਾਨਚੀ ਚੁਣੇ ਗਏ।ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦਾ ਜ਼ਿਲ੍ਹਾ ਲੁਧਿਆਣਾ ਦਾ ਜ਼ਿਲ੍ਹਾ ਪੱਧਰੀ ਜਥੇਬੰਦਕ ਅਜਲਾਸ ਇਤਿਹਾਸਕ ਗੁਰੂਦੁਆਰਾ ਸਾਹਿਬ ਪਾਤਸਾਹੀ ਛੇਵੀਂ, ਗੁਰੂਸਰ ਕਾਉਂਕੇ ਵਿਖੇ ਸੂਬਾਈ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਇਆ। ਜ਼ਿਲ੍ਹੇ ਦੇ ਸੱਤ ਬਲਾਕਾਂ ਦੇ ਸੈਂਕੜੇ ਡੈਲੀਗੇਟਾਂ ਅਤੇ ਦਰਸ਼ਕਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਝੰਡਿਆਂ ਨਾਲ ਲੈਸ,ਨਾਹਰੇ ਗੂੰਜਾਉਂਦਿਆਂ ਅਜਲਾਸ 'ਚ ਭਾਗ ਲਿਆl ਜ਼ਿਲ੍ਹਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਮੰਚ ਸੰਚਾਲਨਾ ਹੇਠ ਪਿਛਲੇ ਸਮੇਂ 'ਚ ਕਿਸਾਨ ਕਾਫਲਿਆਂ ਚੋਂ ਵਿਛੋੜਾ ਦੇ ਗਏ ਸਾਥੀਆਂ ਹਰਦੀਪ ਸਿੰਘ ਗਾਲਬ, ਗੁਰਮੇਲ ਸਿੰਘ ਭਰੋਵਾਲ, ਦਲਜੀਤ ਸਿੰਘ ਮੱਲੀ, ਗੁਰਮੇਲ ਸਿੰਘ ਗਾਲਬ ਦੀਆਂ ਤਸਵੀਰਾਂ ਨੂੰ ਫੁੱਲ ਪੱਤੀਆਂ ਭੇਂਟ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈl ਕਵੀਸ਼ਰੀ ਜਥਾ ਰਸੂਲਪੁਰ ਵੱਲੋਂ ਸਵਰਨ ਧਾਲੀਵਾਲ ਦੇ ਸ਼ਰਧਾਂਜਲੀ ਗੀਤ ਤੇ ਹਾਜ਼ਰੀਨ ਨੇ ਦੋ ਮਿੰਟ ਦਾ ਮੋਨ ਧਾਰ ਕੇ ਕਿਸਾਨ-ਮਜ਼ਦੂਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ l ਅਜਲਾਸ 'ਚ ਸਭ ਤੋਂ ਪਹਿਲਾਂ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਪਿਛਲੇ ਡੇਢ ਸਾਲ ਦੀਆਂ ਸਰਗਰਮੀਆਂ ਦਾ ਲੇਖਾ ਜੋਖਾ ਅਤੇ ਫੰਡ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ। ਦੋਵੇਂ ਰਿਪੋਰਟਾਂ ਨੂੰ ਸੋਧਾਂ ਸਮੇਤ ਸਰਬਸੰਮਤੀ ਨਾਲ ਪਰਵਾਨ ਕੀਤਾ ਗਿਆ। ਇਸ ਸਮੇਂ ਅਪਣੇ ਸੰਬੋਧਨ 'ਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਜ਼ਿਲ੍ਹਾ ਕਮੇਟੀ ਵੱਲੋਂ ਜਥੇਬੰਦੀ 'ਚ ਕਿਸਾਨ ਸੰਘਰਸ਼ ਦੌਰਾਨ ਪੈਦਾ ਹੋਈ ਜਮਾਤੀ ਭਿਆਲੀ ਦੀ ਲੀਹ ਤੇ ਚੜੀ ਆਪਹੁਦਰੀ ਤੇ ਗੈਰਜਥੇਬੰਦਕ ਫੁਟ ਪਾਊ ਧਿਰ ਖ਼ਿਲਾਫ਼ ਦਿੱਤੀ ਵਿਚਾਰਧਾਰਕ ਲੜਾਈ 'ਤੇ ਤੱਸਲੀ ਦਾ ਇਜ਼ਹਾਰ ਕੀਤਾl ਉਨ੍ਹਾਂ ਨੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪਿੰਡਾਂ 'ਚ ਭਾਜਪਾ ਆਗੂਆਂ ਨੂੰ ਨਾ ਵੜਣ ਦੇਣ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਗਿਆਰਾਂ ਸੂਤਰੀ ਸਵਾਲ ਕਰਨ ਦਾ ਸੱਦਾ ਦਿੱਤਾ। ਬਾਕੀ ਪਾਰਟੀਆਂ ਨੂੰ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਅਨੁਸਾਰ ਸੁਆਲ ਕੀਤੇ ਜਾਣਗੇ। ਉਨ੍ਹਾਂ ਨੇ 21 ਮਈ ਦੀ ਜਗਰਾਂਓ ਦਾਣਾ ਮੰਡੀ ਚ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ 'ਚ ਪੂਰਾ ਤਾਣ ਲਾ ਕੇ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ। ਇਸ ਸਮੇਂ 14 ਅਪ੍ਰੈਲ ਨੂੰ ਪ੍ਰਦੂਸ਼ਣ ਪੈਦਾ ਕਰਨ ਵਾਲੀ ਗੈਸ ਫੈਕਟਰੀ ਭੂੰਦੜੀ ਖ਼ਿਲਾਫ਼ ਸਾਂਝੇ ਜ਼ਿਲ੍ਹਾ ਪੱਧਰੀ ਸਾਂਝੇ ਸੰਘਰਸ਼ 'ਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ l ਇਸ ਸਮੇਂ ਪੁਰਾਣੀ ਜ਼ਿਲ੍ਹਾ ਕਮੇਟੀ ਭੰਗ ਕਰਕੇ ਨਵੀਂ ਜ਼ਿਲਾ ਕਮੇਟੀ ਸਰਬਸੰਮਤੀ ਨਾਲ ਚੁਣੀ ਗਈl ਜਿਸ ਵਿੱਚ ਜਗਤਾਰ ਸਿੰਘ ਦੇਹੜਕਾ ਜ਼ਿਲ੍ਹਾ ਪ੍ਰਧਾਨ, ਸੁਖਵਿੰਦਰ ਸਿੰਘ ਹੰਬੜਾਂ ਸੀਨੀਅਰ ਮੀਤ ਪ੍ਰਧਾਨ, ਤਰਨਜੀਤ ਕੂਹਲੀ,ਇੰਦਰਜੀਤ ਸਿੰਘ ਖਹਿਰਾ ਲੋਧੀਵਾਲ,ਸੁਖਵੰਤ ਕੌਰ ਗਾਲਬ ਤਿੰਨੇ ਮੀਤਪ੍ਰਧਾਨ,ਇੰਦਰਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਜਨਰਲ ਸੱਕਤਰ, ਹਰਦੀਪ ਸਿੰਘ ਟੂਸੇ ਸਹਾਇਕ ਸਕੱਤਰ, ਤਰਸੇਮ ਸਿੰਘ ਬੱਸੂਵਾਲ ਜ਼ਿਲ੍ਹਾ ਵਿੱਤ ਸਕੱਤਰ, ਬਲਵਿੰਦਰ ਸਿੰਘ ਜੱਟਪੁਰਾ ਸਹਾਇਕ ਵਿੱਤ ਸਕੱਤਰ, ਨਵਜੋਤ ਸਿੰਘ ਕਾਉਂਕੇ ਪ੍ਰੈਸ ਸੱਕਤਰ, ਬੇਅੰਤ ਸਿੰਘ ਬਾਣੀਏਵਾਲ ਅਤੇ ਜਗਨ ਨਾਥ ਸੰਘਰਾਓ ਜ਼ਿਲ੍ਹਾ ਕਮੇਟੀ ਮੈੱਬਰ ਚੁਣੇ ਗਏl ਇਜਲਾਸ ਦੌਰਾਨ ਪਹਿਲੀ ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪਲਸ ਮੰਚ ਵੱਲੋਂ ਪੂਰੀ ਰਾਤ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਨਾਟਕਾਂ/ ਗੀਤ, ਸੰਗੀਤ ਭਰੀ ਰਾਤ ਵਿੱਚ ਪੂਰੀ ਸ਼ਿੱਦਤ ਨਾਲ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।