ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 11 ਅਪ੍ਰੈਲ
ਲੁਧਿਆਣਾ ਦੇ ਇੱਕ ਸੇਵਾ ਕੇਂਦਰ ਵਿੱਚ ਕੰਮ ਕਰਨ ਵਾਲੀ ਔਰਤ ਨੂੰ ਬਦਨਾਮ ਕਰਨ ਲਈ ਉਸਦੇ ਪਤੀ ਨੇ ਉਸਦੇ ਦਫਤਰ ਅਤੇ ਦਫਤਰ ਦੇ ਬਾਥਰੂਮ ਦੀਆਂ ਕੰਧਾਂ ਤੇ ਪੋਸਟਰ ਟਾਈਪ ਪਰਚੇ ਚਿਪਕਾ ਦਿੱਤੇ l ਮੁਲਜਮ ਨੇ ਪਰਚਿਆਂ ਉੱਪਰ ਆਪਣੀ ਪਤਨੀ ਦੀਆਂ ਤਸਵੀਰਾਂ ਲਗਾਈਆਂ ਅਤੇ ਮੋਬਾਈਲ ਨੰਬਰ ਲਿਖ ਦਿੱਤਾ l ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਬਸਤੀ ਜੋਧੇਵਾਲ ਦੇ ਇੱਕ ਇਲਾਕੇ ਦੀ ਰਹਿਣ ਵਾਲੀ ਔਰਤ ਦੀ ਸ਼ਿਕਾਇਤ ਤੇ ਉਸਦੇ ਪਤੀ ਪਠਾਨਕੋਟ ਦੇ ਸਰਨਾ ਇਲਾਕੇ ਦੇ ਰਹਿਣ ਵਾਲੇ ਸੰਗੀਤ ਮਹੋਤਰਾ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ ਉਹ ਸੇਵਾ ਕੇਂਦਰ ਵਿੱਚ ਬਤੌਰ ਕੰਪਿਊਟਰ ਆਪਰੇਟਰ ਨੌਕਰੀ ਕਰਦੀ ਹੈ। ਉਸਦੇ ਪਤੀ ਸੰਗੀਤ ਮਹੋਤਰਾ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ l ਮੁਲਜਮ ਔਰਤ ਤੇ ਕੇਸ ਵਾਪਸ ਲੈਣ ਦਾ ਦਬਾਅ ਬਣਾ ਰਿਹਾ ਸੀ l ਔਰਤ ਨੇ ਦੱਸਿਆ ਕਿ ਸਵੇਰ ਵੇਲੇ ਜਦੋਂ ਉਹ ਡਿਊਟੀ ਤੇ ਜਾ ਰਹੀ ਸੀ ਤਾਂ ਸਿਵਲ ਹਸਪਤਾਲ ਦੇ ਸਾਹਮਣੇ ਚਾਹ ਵਾਲੀ ਦੁਕਾਨ ਤੇ ਬੈਠੇ ਉਸਦੇ ਪਤੀ ਨੇ ਉਸਨੂੰ ਰੋਕ ਲਿਆ l ਮੁਲਜਮ ਔਰਤ ਨੂੰ ਕੇਸ ਵਾਪਸ ਲੈਣ ਦੀ ਗੱਲ ਆਖ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਲੱਗ ਪਿਆ l ਮੁਲਜਮ ਨੇ ਔਰਤ ਨੂੰ ਧਮਕੀਆਂ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ l ਅਗਲੇ ਦਿਨ ਜਦ ਸ਼ਿਕਾਇਤਕਰਤਾ ਦੇ ਪਿਤਾ ਉਸਨੂੰ ਦਫ਼ਤਰ ਵਿੱਚ ਛੱਡਣ ਲਈ ਆਏ ਤਾਂ ਪਤਾ ਲੱਗਾ ਕਿ ਔਰਤ ਦੇ ਦਫਤਰ ਦੇ ਸ਼ੀਸ਼ਿਆਂ, ਕੰਧਾਂ ਅਤੇ ਬਾਥਰੂਮ ਵਿੱਚ ਪੋਸਟਰ ਟਾਈਪ ਪਰਚੇ ਲੱਗੇ ਹੋਏ ਸਨ। ਮੁਲਜਮ ਨੇ ਆਪਣੀ ਪਤਨੀ ਦੀਆਂ ਤਸਵੀਰਾਂ ਥੱਲੇ ਉਸਦਾ ਮੋਬਾਇਲ ਨੰਬਰ ਲਿਖ ਕੇ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀl ਇਸ ਮਾਮਲੇ ਵਿੱਚ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਸੰਗੀਤ ਮਹੋਤਰਾ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Comments 1