ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 14 ਅਪ੍ਰੈਲ
ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਬੀਤੇ ਦਿਨ ਪਤੀ ਗੁਰਪ੍ਰੀਤ ਸਿੰਘ ਸਮੇਤ ਭਾਜਪਾ 'ਚ ਸ਼ਾਮਲ ਹੋ ਗਏ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਬਾਦਲ ਤੇ ਭਗਵੰਤ ਸਿੰਘ ਮਾਨ ਨੇ ਉਨ੍ਹਾਂ 'ਤੇ ਸਵਾਲ ਚੁੱਕੇ ਜਿਸਦਾ ਭਾਜਪਾ ਆਗੂ ਨੇ ਮੋੜਵਾਂ ਜਵਾਬ ਦਿੱਤਾ ਹੈ। ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਪਰਮਪਾਲ ਕੌਰ ਨੇ ਸੁਖਬੀਰ ਬਾਦਲ ਵੱਲੋਂ ਭਾਜਪਾ 'ਚ ਸ਼ਾਮਲ ਹੋਣ ਵਾਲਿਆਂ ਦਾ ਡੀਐੱਨਏ ਚੈੱਕ ਕਰਵਾਉਣ ਵਾਲੇ ਬਿਆਨ ਦਾ ਮੋੜਵਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਤਾਂ ਡੀਐੱਨਏ ਦੀ ਫੁੱਲ ਫਾਰਮ ਵੀ ਪਤਾ ਨਹੀਂ ਹੋਣੀ। ਉਨ੍ਹਾਂ ਕਿਹਾ ਕਿ ਸਹੁਰਾ ਸਾਬ੍ਹ ਚਾਹੁੰਦੇ ਸੀ ਕਿ ਅਸੀਂ ਦੋਵੇਂ ਅਕਾਲੀ ਦਲ ਜੁਆਇੰਨ ਕਰੀਏ ਪਰ ਮੈਂ ਤੇ ਮੇਰੇ ਪਤੀ ਨੇ ਭਾਜਪਾ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਉਹ ਆਪਣੀ ਕਾਬਲੀਅਤ ਦੇ ਬਲਬੂਤੇ ਆਈਏਐੱਸ ਅਫਸਰ ਬਣੇ ਨਾ ਕਿ ਅਕਾਲੀ ਦਲ ਦੀ ਮਦਦ ਨਾਲ। ਭਾਜਪਾ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸਤੀਫ਼ਾ ਮਨਜ਼ੂਰ ਨਾ ਹੋਣ ਸਬੰਧੀ ਦਿੱਤੀ ਚਿਤਾਵਨੀ ਦਾ ਵੀ ਜਵਾਬ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਅਸਤੀਫ਼ਾ ਨਹੀਂ ਦਿੱਤਾ ਬਲਕਿ ਵੀਆਰਐੱਸ ਲਈ ਹੈ। ਉਨ੍ਹਾਂ ਨੇ ਰਿਟਾਇਰਮੈਂਟ ਲਈ ਹੈ। ਇਸ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਲੋਕ ਸਭਾ ਚੋਣ ਲੜਨ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਟਿਕਟ ਮਿਲੇਗੀ ਜਾਂ ਨਹੀਂ, ਇਹ ਬਾਅਦ ਦੀਆਂ ਗੱਲਾਂ ਹਨ। ਉਹ ਕਿਸਾਨਾਂ ਨੂੰ ਆਪਣੀ ਗੱਲ ਜ਼ਰੂਰ ਸਮਝਾਉਣਗੇ। ਉਨ੍ਹਾਂ ਨੂੰ ਭਰੋਸਾ ਹੈ ਕਿ ਕਿਸਾਨ ਭਾਜਪਾ ਦਾ ਵਿਰੋਧ ਨਹੀਂ ਕਰਨਗੇ।