ਬੀਬੀਐਨ ਨੈਟਵਰਕ ਪੰਜਾਬ, ਫਰੀਦਕੋਟ ਬਿਊਰੋ, 13 ਅਪ੍ਰੈਲ
ਪਿਛਲੇ ਤਿੰਨ ਸਾਲਾਂ ਤੋਂ ਫਰੀਦਕੋਟ ਬਾਲ ਸੁਧਾਰ ਘਰ ਵਿੱਚ ਬੰਦ ਪਾਕਿਸਤਾਨ ਦੇ ਦੋ ਨਾਬਾਲਗ ਬੱਚਿਆਂ ਦੀ ਵਤਨ ਵਾਪਸੀ ਸਬੰਧੀ 19 ਅਪ੍ਰੈਲ ਦੀ ਤਰੀਕ ਨਿਸ਼ਚਿਤ ਹੋ ਗਈ ਹੈ। ਈਦ ਦੇ ਮੌਕੇ ’ਤੇ ਫਰੀਦਕੋਟ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਾਜ਼ੀ ਦਿਲਾਵਰ ਹੁਸੈਨ ਦੀ ਅਗਵਾਈ ਵਿੱਚ ਬਾਲ ਸੁਧਾਰ ਘਰ ਵਿਖੇ ਪਹੁੰਚ ਕੇ ਪਾਕਿਸਤਾਨੀ ਬੱਚਿਆਂ ਨਾਲ ਈਦ ਮਨਾਈ, ਵਧਾਈਆਂ ਦਿੱਤੀਆਂ ਅਤੇ ਬੱਚਿਆਂ ਨੂੰ ਵੱਖ ਵੱਖ ਕਿਸਮ ਦੇ ਪਕਵਾਨ ਵੀ ਖੁਆਏ। ਪਾਕਿਸਤਾਨ ਦੇ ਲਾਹੌਰ ਦੇ ਵਸਨੀਕ ਉਕਤ ਦੋਨੋਂ ਬੱਚੇ ਆਪਣੀ ਰਿਸ਼ਤੇਦਾਰੀ ਵਿੱਚ ਮੇਲਾ ਦੇਖਣ ਗਏ ਸਨ, ਜਿੱਥੋਂ ਉਹ ਕਰੀਬ 3 ਸਾਲ ਪਹਿਲਾਂ 2021 ਵਿੱਚ ਗਲਤੀ ਨਾਲ ਭਾਰਤ-ਪਾਕਿ ਸਰਹੱਦ ਪਾਰ ਕਰਕੇ ਤਰਨਤਾਰਨ ਜਿਲੇ ਵਿੱਚ ਦਾਖਲ ਹੋ ਗਏ ਤਾਂ ਬੀਐਸਐਫ ਨੇ ਉਹਨਾ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਬਾਲ ਸੁਧਾਰ ਘਰ ਫਰੀਦਕੋਟ ਵਿਖੇ ਬੰਦ ਹਨ।