ਬੀਬੀਐਨ ਨੈਟਵਰਕ ਪੰਜਾਬ, ਤਰਨਤਾਰਨ ਬਿਊਰੋ, 13 ਅਪ੍ਰੈਲ
ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਹਾਈਵੇ ’ਤੇ ਪੈਂਦੇ ਪਿੰਡ ਜਿਉਣੇਕੇ ਦੇ ਅੱਡੇ ’ਤੇ ਘੁੰਮ ਰਹੇ ਪਾਕਿਸਤਾਨੀ ਨਾਗਰਿਕ ਨੂੰ ਸੂਚਨਾ ਦੇ ਅਧਾਰ ’ਤੇ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਿਕ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਉਹ ਜੰਮੂ-ਕਸ਼ਮੀਰ ਵੱਲੋਂ ਕਿਸੇ ਤਰੀਕੇ ਇਥੇ ਪਹੁੰਚਿਆ ਹੈ। ਫਿਲਹਾਲ ਪੁਲਿਸ ਨੇ ਉਸ ਖਿਲਾਫ਼ ਕੇਸ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਉਸ ਦਾ ਐਤਵਾਰ ਤਕ ਦਾ ਰਿਮਾਂਡ ਹਾਸਲ ਹੋਇਆ ਹੈ। ਜਾਂਚ ਅਧਿਕਾਰੀ ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪਾਕਿਸਤਾਨੀ ਵਿਅਕਤੀ ਅੱਡਾ ਜਿਊਣੇਕੇ ਦੇ ਕੋਲ ਘੁੰਮ ਰਿਹਾ ਹੈ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਿਰਾਸਤ ਵਿਚ ਲਿਆ। ਉਹ ਆਪਣੀ ਪਛਾਣ ਨਿਸਾਰ ਅਹਿਮਦ ਪੁੱਤਰ ਕਰਮ ਦਾਦ ਵਾਸੀ ਡਾਕਖਾਨਾ ਡਰਹਾਲ ਜੰਡਲਾ, ਪਿੰਡ ਬਰਜਨ, ਤਹਿਸੀਲ ਸਮਾਹਨੀ, ਜ਼ਿਲ੍ਹਾ ਭੰਲਬੀ ਪਾਕਿਸਤਾਨ ਵਜੋਂ ਦੱਸ ਰਿਹਾ ਹੈ। ਬਹੁਤਾ ਕੁਝ ਦੱਸਣ ’ਚ ਅਸਮਰੱਥਾ ਜਤਾ ਰਹੇ ਉਕਤ ਵਿਅਕਤੀ ਨੇ ਇੰਨੀ ਕੁ ਜਾਣਕਾਰੀ ਦਿੱਤੀ ਕਿ ਉਹ ਜੰਮੂ-ਕਸ਼ਮੀਰ ਵੱਲ ਕਿਸੇ ਢਾਬੇ ’ਤੇ ਕੰਮ ਕਰਦਾ ਸੀ ਪਰ ਉਹ ਉਸ ਥਾਂ ਦੀ ਸਹੀ ਲੁਕੇਸ਼ਨ ਨਹੀਂ ਦੱਸ ਪਾ ਰਿਹਾ। ਮੁੱਢਲੀ ਜਾਂਚ ’ਚ ਉਹ ਦਿਮਾਗੀ ਪਰੇਸ਼ਾਨ ਲੱਗ ਰਿਹਾ ਹੈ।