ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 14 ਅਪ੍ਰੈਲ
ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਨਾਲ ਲੱਗਦੇ ਸਰਕਾਰੀ ਕੁਆਰਟਰਾਂ ਵਿੱਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਹੈਵਾਨ ਬਣੇ ਅਪਰਾਧੀਆਂ ਨੇ ਬਜ਼ੁਰਗ ਨੂੰ ਅੱਗ ਦੇ ਹਵਾਲੇ ਕਰ ਕੇ ਮੌਤ ਦੇ ਘਾਟ ਉਤਾਰਿਆ ਅਤੇ 1 ਲੱਖ 20 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨਾ ਲੁੱਟ ਲਿਆ। ਬਜ਼ੁਰਗ ਵਿਅਕਤੀ ਦੀ ਲਾਸ਼ ਪੂਰੀ ਤਰ੍ਹਾਂ ਸੜ ਕੇ ਕੋਲਾ ਬਣ ਚੁੱਕੀ ਸੀ। ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਪਛਾਣ 90 ਵਰਿ੍ਹਆਂ ਦੇ ਜਮਾਲਦੀਨ ਵਜੋਂ ਹੋਈ ਹੈ। ਦੋ ਦਿਨਾਂ ਵਿੱਚ ਲੁਧਿਆਣਾ ਦੇ ਅੰਦਰ ਇਹ ਦੂਸਰੀ ਦਿਲ ਦਹਿਲਾ ਦੇਣ ਵਾਲੀ ਕਤਲ ਦੀ ਵਾਰਦਾਤ ਹੈ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਸ਼ੇਰਪੁਰ ਨੇੜੇ ਰੇਲਵੇ ਟ੍ਰੈਕ ’ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ 6 ਟੁਕੜਿਆਂ ’ਚ ਕੱਟੀ ਹੋਈ ਮਿਲੀ ਸੀ। ਮ੍ਰਿਤਕ ਦਾ ਪੋਤਾ ਅਬਦੁਲ ਗੱਫਾਰ ਇੱਕ ਜੇਲ੍ਹ ਕਰਮਚਾਰੀ ਹੈ ਅਤੇ ਚੰਡੀਗੜ੍ਹ ਵਿੱਚ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਏਡੀਜੀਪੀ, ਜੇਲ੍ਹ) ਦੇ ਦਫ਼ਤਰ ਵਿੱਚ ਕਲਰਕ ਵਜੋਂ ਤਾਇਨਾਤ ਹੈ। ਗੱਫਾਰ ਨੂੰ ਜੇਲ੍ਹ ਕੰਪਲੈਕਸ ਵਿੱਚ ਵਿਭਾਗ ਵੱਲੋਂ ਰਿਹਾਇਸ਼ੀ ਕੁਆਰਟਰ ਮੁਹੱਈਆ ਕਰਵਾਇਆ ਗਿਆ ਹੈ। ਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਨੇ ਜੇਲ ਦੀ ਸੁਰੱਖਿਆ ਵਿਵਸਥਾ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੋਈ ਵੀ ਵਿਅਕਤੀ ਜੇਲ੍ਹ ਜਾਂ ਜੇਲ੍ਹ ਕੰਪਲੈਕਸ ਦੇ ਅੰਦਰ ਬਿਨਾਂ ਜਾਂਚ ਤੋਂ ਨਹੀਂ ਆ ਸਕਦਾ । ਇਨ੍ਹਾਂ ਸਾਰੇ ਪ੍ਰਬੰਧਾਂ ਦੇ ਬਾਵਜੂਦ ਇੰਨੀ ਵੱਡੀ ਵਾਰਦਾਤ ਵਾਪਰੀ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕੀਤੀ ਗਈ ਤਾਂ ਤਿੰਨ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਸਾਹਮਣੇ ਆਈਆਂ । ਲੁਧਿਆਣਾ ਪੁਲਿਸ ਇਸ ਮਾਮਲੇ ਵਿੱਚ ਵੱਖ-ਵੱਖ ਐਂਗਲਾਂ ਤੋਂ ਪੜਤਾਲ ਕਰਨ ਵਿੱਚ ਜੁਟ ਗਈ ਹੈ। ਅਬਦੁਲ ਗੱਫਾਰ ਦੇ ਚਾਚਾ ਅਬਦੁਲ ਹਾਮਿਦ ਨੇ ਦੱਸਿਆ ਕਿ ਉਸਦੇ ਪਿਤਾ ਅਬਦੁਲ ਗੱਫਾਰ ਨਾਲ ਰਹਿ ਰਹੇ ਸਨ। ਜਦੋਂ ਪਰਿਵਾਰਕ ਮੈਂਬਰ ਵੀਰਵਾਰ ਨੂੰ ਈਦ ਮਨਾਉਣ ਲਈ ਮਲੇਰਕੋਟਲਾ ਦੇ ਪਿੰਡ ਆਹਲਖੇੜੀ ਗਏ ਹੋਏ ਸਨ ਤਾਂ ਉਸਦੇ ਪਿਤਾ ਘਰ ’ਚ ਇਕੱਲੇ ਮੌਜੂਦ ਸਨ। ਰਾਤ 10 ਵਜੇ ਦੇ ਕਰੀਬ ਜਦੋਂ ਉਹ ਘਰ ਪਹੁੰਚੇ ਤਾਂ ਕੁਆਟਰ ਤੋਂ ਧੂੰਆਂ ਨਿਕਲਦਾ ਦੇਖ ਕੇ ਹੈਰਾਨ ਰਹਿ ਗਏ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੇ ਪਿਤਾ ਨੂੰ ਸੜਿਆ ਹੋਇਆ ਦੇਖਿਆ।