ਬੀਬੀਐਨ ਨੈਟਵਰਕ ਪੰਜਾਬ, ਰੂਪਨਗਰ ਬਿਊਰੋ, 13 ਅਪ੍ਰੈਲ
ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਮੱਥਾ ਟੇਕਣ ਆਈ ਸੰਗਤ ਨਾਲ ਸੜਕ ਹਾਦਸਾ ਵਾਪਰ ਗਿਆ। ਦਰਗਾਹ ਬਾਬਾ ਬੁੱਢਣ ਸ਼ਾਹ ਨੂੰ ਜਾਂਦੇ ਰਸਤੇ 'ਤੇ ਉਤਰਾਈ ਸਮੇਂ ਇਹ ਹਾਦਸਾ ਵਾਪਰਿਆ। ਹਾਦਸਾ ਸਵੇਰੇ 11:00 ਵਜੇ ਵਾਪਰਿਆ। ਹਾਦਸੇ ਦਾ ਕਾਰਨ ਟਰੈਕਟਰ ਦਾ ਬ੍ਰੇਕ ਫੇਲ੍ਹ ਹੋਣਾ ਸੀ। ਨਵਾਂਸ਼ਹਿਰ ਦੇ ਪਿੰਡ ਸ਼ੇਖਪੁਰਾ ਦੀ ਸੰਗਤ ਟਰੈਕਟਰ ਟਰਾਲੀ 'ਤੇ ਜਾ ਰਹੀ ਸੀ। ਟਰੈਕਟਰ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਇਆ। ਬੜੀ ਮੁਸ਼ਕਲ ਨਾਲ ਟਰੈਕਟਰ ਚਾਲਕ ਟਰੈਕਟਰ ਦੇ ਹੇਠਾਂ ਤੋਂ ਬਾਹਰ ਨਿਕਲਿਆ। ਟਰੈਕਟਰ ਚਾਲਕ ਤੇ ਇਕ ਬਜ਼ੁਰਗ ਵਿਅਕਤੀ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ। ਪੁਲਿਸ ਪਾਰਟੀ ਤੇ ਹਾਈਵੇਅ ਨਾਲ ਸਬੰਧਤ ਮੁਲਾਜ਼ਮ ਮੌਕੇ ’ਤੇ ਪੁੱਜੇ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੈਕਟਰ ਚਾਲਕ ਬਲਜੀਤ ਸਿੰਘ (26) ਨੂੰ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਟਰੈਕਟਰ ਹੇਠੋਂ ਕੱਢਿਆ ਗਿਆ ਤੇ ਉਸ ਦਾ ਜਬਾੜਾ ਬੁਰੀ ਤਰ੍ਹਾਂ ਫੱਟ ਗਿਆ। ਡਰਾਈਵਰ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੂਜੇ ਮ੍ਰਿਤਕ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ।