ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 20 ਅਪ੍ਰੈਲ
ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਧੜਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਕਰਨ ਤੋਂ ਬਾਅਦ ਹੁਣ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਪਤਾ ਲੱਗਿਆ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦਿੱਤੇ ਜਾਣ ਕਾਰਨ ਅਤੇ ਲੋਕ ਸਭਾ ਚੋਣਾਂ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਢੀਂਡਸਾ ਪਰਿਵਾਰ ਕਾਫ਼ੀ ਪਰੇਸ਼ਾਨੀ ਦੇ ਦੌਰ ’ਚ ਗੁਜ਼ਰ ਰਿਹਾ ਹੈ, ਪਰ ਬਦਲੇ ਸਿਆਸੀ ਸਮੀਕਰਣਾਂ ਦੇ ਮੱਦੇਨਜ਼ਰ ਢੀਂਡਸਾ ਪਰਿਵਾਰ ਹੁਣ ਜਲਦਬਾਜ਼ੀ ਵਿਚ ਕੋਈ ਫੈਸਲਾ ਨਹੀਂ ਲੈਣਾ ਚਾਹੁੰਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚ ਢੀਂਡਸਾ ਧੜੇ ਨੂੰ ਕੋਈ ਖਾਸ ਤਵੱਜੋ ਨਹੀਂ ਦਿੱਤੀ ਬਲਕਿ ਸੰਗਰੂਰ ਤੋਂ ਪਾਰਟੀ ਦੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਫਰੀਦਕੋਟ ਰਾਖਵੇਂ ਹਲਕੇ ਤੋਂ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਪੋਤਰੇ ਰਾਜਵਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਜਦਕਿ ਇੱਥੋ ਸਾਬਕਾ ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ ਟਿਕਟ ਦੀ ਉਮੀਦ ਲਗਾਈ ਬੈਠੇ ਸਨ। ਅਕਾਲੀ ਹਲਕਿਆਂ ਵਿਚ ਮੰਨਿਆ ਜਾ ਰਿਹਾ ਹੈ ਕਿ ਜੇਕਰ ਫਰੀਦਕੋਟ ਨਹੀਂ ਤਾਂ ਪਰਮਜੀਤ ਕੌਰ ਗੁਲਸ਼ਨ ਜਾਂ ਉਨ੍ਹਾਂ ਦੇ ਪਤੀ ਸੇਵਾ ਮੁਕਤ ਜਸਟਿਸ ਨਿਰਮਲ ਸਿੰਘ ਨੂੰ ਫਤਿਹਗੜ੍ਹ ਸਾਹਿਬ ਦੀ ਰਾਖਵੀਂ ਸੀਟ ’ਤੇ ਟਿਕਟ ਦਿੱਤੀ ਜਾਵੇਗੀ। ਹੁਣ ਅਕਾਲੀ ਦਲ ਨੇ ਇਹਨਾਂ ਦੋਵਾਂ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਜਿਸ ਕਰਕੇ ਮਾਲਵੇ ਦੀਆਂ ਦੋਵੇਂ ਰਾਖਵੀਆਂ ਸੀਟਾਂ ’ਤੇ ਗੁਲਸ਼ਨ ਦਾ ਦਾਅਵਾ ਖ਼ਤਮ ਹੋ ਗਿਆ। ਸੂਬੇ ਵਿਚ ਕਿਸਾਨ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ, ਇਸ ਕਰਕੇ ਢੀਂਡਸਾ ਪਰਿਵਾਰ ਭਾਜਪਾ ਨਾਲ ਸਾਂਝ ਪਾਉਣ ਤੋਂ ਕਤਰਾ ਰਿਹਾ ਹੈ। ਬਦਲ ਚੁੱਕੀਆਂ ਸਿਆਸੀ ਪ੍ਰਸਥਿਤੀਆਂ ਕਾਰਨ ਪਰਮਿੰਦਰ ਸਿੰਘ ਢੀਂਡਸਾ ਕੋਈ ਕਾਹਲੀ ਨਹੀਂ ਕਰਨਾ ਚਾਹੁੰਦੇ।