ਬੀਬੀਐਨ ਨੈਟਵਰਕ ਪੰਜਾਬ, ਪਟਿਆਲਾ ਬਿਊਰੋ, 19 ਅਪ੍ਰੈਲ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਨਵੇਂ ਸੈਸ਼ਨ 2024-25 ਤੋਂ ਚਾਰ ਸਾਲਾ ਇੰਟੀਗਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ (ਆਈਟੀਈਪੀ) ਬੀਏਬੀਐੱਡ (ਸੈਕੰਡਰੀ ਸਟੇਜ) ਸ਼ੁਰੂ ਹੋ ਰਿਹਾ ਹੈ। ਯੂਨੀਵਰਸਿਟੀ ਦੇ ਸਿੱਖਿਆ ਅਤੇ ਸਮੁਦਾਇ ਸੇਵਾਵਾਂ ਵਿਭਾਗ ਨੂੰ 50 ਵਿਦਿਆਰਥੀਆਂ ਦੇ ਦਾਖਲੇ ਨਾਲ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਨੈਸ਼ਨਲ ਕੌਂਸਲ ਆਫ਼ ਟੀਚਰ ਐਜੂਕੇਸ਼ਨ (ਐੱਨਸੀਟੀਈ), ਨਵੀਂ ਦਿੱਲੀ ਤੋਂ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਆਈਟੀਈਪੀ ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਤਹਿਤ ਐੱਨਸੀਟੀਈ ਦਾ ਫਲੈਗਸ਼ਿੱਪ ਪ੍ਰੋਗਰਾਮ ਹੈ। ਇਸ ਮੌਕੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਕੋਰਸ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ। ਵਿਦਿਆਰਥੀ ਇਸ ਵਿੱਚ ਦਾਖਲਾ ਲੈ ਕੇ ਇੱਕ ਸਾਲ ਦੀ ਬੱਚਤ ਕਰ ਸਕਣਗੇ ਕਿਉਂਕਿ ਉਹ ਕੋਰਸ ਨੂੰ ਚਾਰ ਸਾਲਾਂ ਵਿੱਚ ਪੂਰਾ ਕਰ ਲੈਣਗੇ। ਮੌਜੂਦਾ ਬੀਐੱਡ ਅਨੁਸਾਰ ਪੰਜ ਸਾਲ ਦੇ ਸਮੇਂ ਦੀ ਲੋੜ ਹੈ। ਵਿਭਾਗ ਮੁਖੀ ਡਾ. ਜਗਪ੍ਰੀਤ ਕੌਰ ਨੇ ਦੱਸਿਆ ਕਿ ਸੈਸ਼ਨ 2024-25 ਵਿੱਚ ਇਸ ਕੋਰਸ ਲਈ ਦਾਖਲਾ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ 12 ਜੂਨ ਨੂੰ ਕਰਵਾਏ ਜਾਣ ਵਾਲ਼ੇ ਨੈਸ਼ਨਲ ਕਾਮਨ ਐਂਟਰੈਂਸ ਟੈਸਟ (ਐੱਨਸੀਈਟੀ) 2024 ਰਾਹੀਂ ਕੀਤਾ ਜਾਵੇਗਾ। ਦਿਲਚਸਪੀ ਰੱਖਣ ਵਾਲੇ ਉਮੀਦਵਾਰ 13 ਅਪ੍ਰੈਲ, 2024 ਤੋਂ 30 ਅਪ੍ਰੈਲ, 2024 ਤੱਕ (11.30 ਵਜੇ ਰਾਤ ਤੱਕ) ਇਸ ਕੋਰਸ ਲਈ ਆਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਇਹ ਦਾਖਲਾ ਪ੍ਰੀਖਿਆ ਪੂਰੇ ਭਾਰਤ ਵਿੱਚ 13 ਭਾਸ਼ਾਵਾਂ (ਪੰਜਾਬੀ ਸਮੇਤ) ਵਿੱਚ ਕੰਪਿਊਟਰ ਆਧਾਰਿਤ ਟੈਸਟ (ਸੀਬੀਟੀ) ਦੇ ਰੂਪ ਵਿੱਚ ਲਈ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਨੇ 12ਵੀਂ ਜਮਾਤ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੈ, ਉਹ ਨੈਸ਼ਨਲ ਕਾਮਨ ਐਂਟਰੈਂਸ ਟੈਸਟ, 2024 ਵਿੱਚ ਹਾਜ਼ਰ ਹੋ ਸਕਦੇ ਹਨ। ਇਸ ਕੋਰਸ ਵਿੱਚ ਦਾਖ਼ਲੇ ਸਬੰਧੀ ਵੇਰਵੇ www.nta.ac.in, ncet.samarth.ac.in ਅਤੇ ਪੰਜਾਬੀ ਯੂਨੀਵਰਸਿਟੀ ਦੀ ਅਧਿਕ੍ਰਿਤ ਵੈੱਬਸਾਈਟ www.pupadmissions.ac.in ਉੱਤੇ ਉਪਲਬਧ ਹਨ।