ਬੀਬੀਐਨ ਨੈਟਵਰਕ ਪੰਜਾਬ, ਫਾਜ਼ਿਲਕਾ ਬਿਊਰੋ, 20 ਅਪ੍ਰੈਲ
ਅਬੋਹਰ ਦੇ ਪਿੰਡ ਬੱਲੂਆਣਾ 'ਚ ਵਿਆਹੁਤਾ ਔਰਤ ਨੇ ਘਰ 'ਚ ਦੂਜੀ ਧੀ ਹੋਣ ਕਾਰਨ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਬੀਤੇ ਦਿਨ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਪਰ ਉਸ ਦੀ ਹਾਲਤ 'ਚ ਸੁਧਾਰ ਨਾ ਹੋਇਆ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਬਠਿੰਡਾ ਲੈ ਗਏ ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਇਸ ਦੌਰਾਨ ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਜਾਣਕਾਰੀ ਅਨੁਸਾਰ 35 ਸਾਲਾ ਔਰਤ ਆਸ਼ਾ ਦੇ ਪਿਤਾ ਕਸ਼ਮੀਰ ਸਿੰਘ ਵਾਸੀ ਪੰਨੂਖੇੜਾ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦਾ ਵਿਆਹ 17 ਸਾਲ ਪਹਿਲਾ ਬੱਲੂਆਣਾ ਵਾਸੀ ਬਲਦੇਵ ਸਿੰਘ ਨਾਲ ਕੀਤਾ ਸੀ ਜੋ ਫਲ ਵੇਚਦਾ ਹੈ। ਉਸ ਨੇ ਦੱਸਿਆ ਕਿ ਆਸ਼ਾ ਦੇ ਘਰ 15 ਸਾਲ ਦੀ ਲੜਕੀ ਤੇ ਇਕ ਛੋਟਾ ਬੇਟਾ ਹੈ ਜਿਸ ਤੋਂ ਬਾਅਦ ਕਰੀਬ 2 ਮਹੀਨੇ ਪਹਿਲਾਂ ਆਸ਼ਾ ਦੇ ਘਰ ਇਕ ਬੇਟੀ ਨੇ ਜਨਮ ਲਿਆ ਸੀ। ਬੇਟੀ ਹੋਣ ਕਾਰਨ ਉਸ ਨੇ 11 ਅਪ੍ਰੈਲ ਨੂੰ ਘਰ 'ਚ ਰੱਖੀ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪਰ ਜਦੋਂ ਉਸ ਦੀ ਹਾਲਤ ਵਿਚ ਸੁਧਾਰ ਨਾ ਹੋਇਆ ਤਾਂ ਉਹ ਉਸ ਨੂੰ ਬਠਿੰਡਾ ਲੈ ਗਏ ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਹੈ। ਏਐਸਆਈ ਓਮ ਪ੍ਰਕਾਸ਼ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ।