ADVERTISEMENT
ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 19 ਅਪ੍ਰੈਲ
ਸਰਜੀਕਲ ਕੰਪਲੈਕਸ 'ਚ ਸਥਿਤ ਰਗਬੀ ਬਾਲਾਂ ਤੇ ਸਪੋਰਟਸ ਵੀਅਰ ਬਣਾਉਣ ਵਾਲੀ ਉਮਾ ਫੈਕਟਰੀ 'ਚ ਸੋਮਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਫੈਕਟਰੀ 'ਚ ਕੰਮ ਕਰਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਤੋਂ ਬਾਅਦ ਫੈਕਟਰੀ ਅੰਦਰ ਕੰਮ ਕਰ ਰਹੇ ਕਰੀਬ 35 ਤੋਂ 40 ਲੋਕਾਂ ਨੂੰ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਕਰਮਚਾਰੀਆਂ ਨੇ ਅੱਗ ਬੁਝਾਊ ਵਿਭਾਗ ਨੂੰ ਘਟਨਾ ਦੀ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਰੀਬ 100 ਪਾਣੀ ਦੀਆਂ ਗੱਡੀਆਂ ਦੀ ਮਦਦ ਨਾਲ ਪੰਜ ਘੰਟੇ 'ਚ ਅੱਗ 'ਤੇ ਕਾਬੂ ਪਾਇਆ। ਏਡੀਐੱਫਓ ਜਸਵੰਤ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਕੈਮੀਕਲ ਦੀ ਅੱਗ ਬੁਝਾਉਣ ਤੋਂ ਬਾਅਦ ਮੁੜ ਭੜਕ ਸਕਦੀ ਹੈ, ਜਿਸ ਕਾਰਨ ਵਿਭਾਗ ਦੇ ਮੁਲਾਜ਼ਮ ਹਾਲੇ ਵੀ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫੈਕਟਰੀ 'ਚ ਬਾਲ ਬਣਾਉਣ ਦਾ ਕੰਮ ਹੁੰਦਾ ਹੈ। ਲੋਕਾਂ ਅਨੁਸਾਰ ਫੈਕਟਰੀ 'ਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਤੇ ਉਥੋਂ ਇਕ ਚੰਗਿਆੜੀ ਨੇੜੇ ਪਏ ਕੈਮੀਕਲ 'ਚ ਜਾ ਡਿੱਗੀ, ਜਿਸ ਕਾਰਨ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਫੈਕਟਰੀ 'ਚ ਲੱਗੀ ਅੱਗ ਬਹੁਤ ਭਿਆਨਕ ਸੀ ਤੇ ਅੱਗ ਦੀਆਂ ਲਪਟਾਂ ਤੋਂ ਉੱਠਦਾ ਧੂੰਆਂ ਪੰਜ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਿਹਾ ਸੀ। ਫੈਕਟਰੀ 'ਚ ਅੱਗ ਲੱਗਣ ਕਾਰਨ ਇਲਾਕਾ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਕਿਉਂਕਿ ਕੈਮੀਕਲ ਕਾਰਨ ਅੱਗ ਬੁਝਣ ਦੀ ਬਜਾਏ ਵਧਦੀ ਜਾ ਰਹੀ ਸੀ। ਇਸ ਤੋਂ ਬਾਅਦ ਫਾਇਰ ਵਿਭਾਗ ਦੀ ਟੀਮ ਨੇ 20 ਦੇ ਕਰੀਬ ਫੋਮ ਗੱਡੀਆਂ ਨੂੰ ਬੁਲਾ ਕੇ ਉਸ 'ਤੇ ਕੈਮੀਕਲ ਪਾ ਦਿੱਤਾ, ਜਿਸ ਤੋਂ ਬਾਅਦ ਅੱਗ ਥੋੜੀ ਸ਼ਾਂਤ ਹੋਈ। ਇਸ ਦੌਰਾਨ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਇਕੱਠੇ ਹੋਏ। ਅੱਗ ਲੱਗਣ ਕਾਰਨ ਫੈਕਟਰੀ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਸਬੰਧੀ ਫੈਕਟਰੀ ਮਾਲਕ ਅਜੈ ਮਹਾਜਨ ਵਾਸੀ ਆਦਰਸ਼ ਨਗਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਫਿਲਹਾਲ ਇਸ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਮਾਰਤ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਸੀ ਕਿ ਫਾਇਰ ਬਿ੍ਗੇਡ ਦੀ ਟੀਮ ਨੂੰ ਇਸ ਨੂੰ ਬੁਝਾਉਣ 'ਚ ਕਾਫ਼ੀ ਮੁਸ਼ਕਲ ਆ ਰਹੀ ਸੀ। ਅਜਿਹੇ 'ਚ ਫਾਇਰ ਬਿ੍ਗੇਡ ਦੀ ਟੀਮ ਨੇ ਕਰਤਾਰਪੁਰ, ਗੁਰਾਇਆ ਤੇ ਹੋਰ ਕਸਬਿਆਂ ਸਮੇਤ ਜਲੰਧਰ ਦੇ ਸਾਰੇ ਫਾਇਰ ਸਟੇਸ਼ਨਾਂ ਤੋਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਤੇ ਟੀਮਾਂ ਨੂੰ ਬੁਲਾਇਆ। ਦੇਰ ਰਾਤ ਤੱਕ ਫਾਇਰ ਵਿਭਾਗ ਦੀ ਟੀਮ ਫੋਮ ਪਾ ਕੇ ਫੈਕਟਰੀ 'ਚ ਕੈਮੀਕਲ ਕਾਰਨ ਪੈਦਾ ਹੋਈਆਂ ਚੰਗਿਆੜੀਆਂ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅੱਠ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਵੀ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ।
ADVERTISEMENT
ADVERTISEMENT