ਬੀਬੀਐਨ ਨੈਟਵਰਕ ਪੰਜਾਬ, ਦਿੱਲੀ ਬਿਊਰੋ, 19 ਅਪ੍ਰੈਲ
ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਵਾਰ ਚੁਣੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਵਿਚ ਅੱਤਵਾਦੀਆਂ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ।ਉੱਥੇ ਹੀ ਕੱਲ੍ਹ ਸੋਮਵਾਰ ਨੂੰ ਜੇਲ੍ਹ 'ਚ ਕੇਜਰੀਵਾਲ ਨੂੰ ਮਿਲਣ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਠੀਕ ਵਿਹਾਰ ਨਹੀਂ ਕੀਤਾ ਗਿਆ। ਉਨ੍ਹਾਂ ਦੀ ਸ਼ੀਸ਼ੇ ਦੀ ਕੰਧ ਦੇ ਆਰ-ਪਾਰ ਮੁਲਾਕਾਤ ਕਰਵਾਈ ਗਈ, ਜੋ ਬਹੁਤ ਅਪਮਾਨਜਨਕ ਕਰਵਾਈ ਹੈ। ਇਹ ਕੇਂਦਰ ਦੀ ਬਦਨੀਤੀ ਵਾਲੀ ਜਵਾਬੀ ਕਾਰਵਾਈ ਹੈ। ਸੀਸੀਟੀਵੀ ਕੈਮਰਿਆਂ ਰਾਹੀਂ ਕੇਜਰੀਵਾਲ 'ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਅਰਵਿੰਦ ਕੇਜਰੀਵਾਲ ਟੁੱਟਣ ਵਾਲੇ ਨਹੀਂ ਹਨ। ਮੋਦੀ ਜੀ ਦੀ ਇਸ ਤਾਨਾਸ਼ਾਹੀ ਤੋਂ ਕੇਜਰੀਵਾਲ ਡਰਨ ਵਾਲਾ ਨਹੀਂ ਹੈ। ਦੂਜਾ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨੇ ਇੰਟਰਵਿਊ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਉਹ ਭਾਰਤ ਦੇ ਸਭ ਤੋਂ ਵੱਡੇ ਘੁਟਾਲੇ 'ਤੇ ਨਹੀਂ ਬੋਲੇ, ਜਿਸ 'ਚ ਇਲੈਕਟੋਰਲ ਬਾਂਡ ਰਾਹੀਂ ਅੱਠ ਹਜ਼ਾਰ ਕਰੋੜ ਤੋਂ ਵੱਧ ਦਾ ਘਪਲਾ ਹੋਇਆ ਹੈ। ਇਹ ਬਹੁਤ ਵੱਡਾ ਘਪਲਾ ਹੈ। ਸੁਪਰੀਮ ਕੋਰਟ ਨੇ ਇਸ 'ਤੇ ਕਾਰਵਾਈ ਕੀਤੀ ਹੈ ਅਤੇ ਇਕ ਵੱਡਾ ਘਪਲਾ ਸਾਹਮਣੇ ਆਇਆ ਹੈ। ਭਾਜਪਾ ਦੇਸ਼ ਦੀ ਸਭ ਤੋਂ ਭ੍ਰਿਸ਼ਟ ਪਾਰਟੀ ਹੈ। ਭਾਜਪਾ ਨੂੰ ਝੂਠ ਬੋਲਣ ਦੀ ਮੁਹਾਰਤ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਨੇ ਸ਼ਰਾਬ ਕਾਰੋਬਾਰੀ ਸ਼ਰਥਚੰਦ ਰੈਡੀ ਤੋਂ 60 ਕਰੋੜ ਰੁਪਏ ਦੀ ਰਿਸ਼ਵਤ ਲਈ ਹੈ। ਇਹ ਉਹੀ ਰੈਡੀ ਹੈ ਜਿਸ ਨੂੰ ਈਡੀ ਨੇ ਕਥਿਤ ਦਿੱਲੀ ਆਬਕਾਰੀ ਘੁਟਾਲੇ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ।