ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 20 ਅਪ੍ਰੈਲ
ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਪਿੰਡ ਮਹੱਦੀਪੁਰਾ ਦੇ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ 'ਚ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਪਲਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਉਮਰ ਗੁਰਸਾਹਬ ਸਿੰਘ (23 ਸਾਲ) ਕਰੀਬ ਇਕ ਮਹੀਨਾ ਪਹਿਲਾਂ 13 ਮਾਰਚ, 2024 ਨੂੰ ਕੈਨੇਡਾ ਵਿਖੇ ਪੜ੍ਹਾਈ ਕਰਨ ਗਿਆ ਸੀ। ਜਦੋਂ ਉਹ 13 ਅਪ੍ਰੈਲ, 2024 ਨੂੰ ਸੜਕ 'ਤੇ ਪੈਦਲ ਆ ਰਿਹਾ ਸੀ ਕਿ ਅਚਾਨਕ ਇਕ ਵਡਾ ਹਾਦਸਾ ਵਾਪਰਿਆ। ਤਿੰਨ ਓਵਰ ਸਪੀਡ ਗੱਡੀਆਂ ਆਪਸ ’ਚ ਟਕਰਾਅ ਗਈਆਂ ਤੇ ਇਕ ਗੱਡੀ ਗੁਰਸਾਹਬ ਸਿੰਘ ਉਪਰ ਆ ਚੜ੍ਹੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਮੌਕੇ 'ਤੇ ਮੌਜੂਦ ਪੁਲਿਸ ਨੇ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ 'ਚ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਸਿੱਖ ਰੀਤੀ ਰਿਵਾਜਾਂ ਅਨੁਸਾਰ ਪੂਰੀਆਂ ਕਰਨ ਸਕਣ।