ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 20 ਅਪ੍ਰੈਲ
ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਦੇ ਸਮਾਜ ਸੇਵਕ ਐੱਨਆਰਆਈ ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਪੰਜਾਬੀ ਦੀ ਹੋਂਦ ਨੂੰ ਬਰਕਰਾਰ ਰੱਖਣ ਦੇ ਮਨੋਰਥ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਬਾਰਡਰ ਏਰੀਏ ਨਾਲ ਲੱਗਦੇ 90 ਤੋਂ ਵੱਧ ਸਕੂਲਾਂ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਏਸੀ, ਵਾਟਰ ਕੂਲਰ, ਐਡੀਟੋਰੀਅਲ ਹਾਲ, ਸਕੂਲੀ ਇਮਾਰਤਾਂ, ਐੱਲਈਡੀ, ਕੰਪਿਊਟਰ, ਪੜ੍ਹਾਈ ਦੀ ਸਮੱਗਰੀ ਆਦਿ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ ਹੋਰ ਵੀ ਯਤਨ ਜਾਰੀ ਹਨ। ਗੁਰਦੁਆਰਾ ਬਾਬਾ ਸ਼੍ਰੀ ਚੰਦ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐੱਨਆਰਆਈ ਤੇ ਉੱਘੇ ਸਮਾਜ ਸੇਵਕ ਬਾਬਾ ਰਜਿੰਦਰ ਸਿੰਘ ਬੇਦੀ ਨਾਲ ਪੰਜਾਬੀ ਜਾਗਰਣ ਨੇ ਮੁਲਾਕਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਦਾ ਜਨਮ 1941 ਵਿਚ ਨਾਨਕੇ ਪਿੰਡ ਮਾਂ ਸਵਰਨ ਕੌਰ ਦੀ ਕੁੱਖੋਂ ਸ਼ਹਿਰ ਢਿਗਾ ਜ਼ਿਲ੍ਹਾ ਗੁਜਰਾਤ ਪਾਕਿਸਤਾਨ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਬੇਦੀ ਪਿਸ਼ਾਵਰ ਵਿਚ ਅਧਿਆਪਕ ਸਨ। ਉਨ੍ਹਾਂ ਦਾ ਬਚਪਨ ਅਤੇ ਬੁਢਾਪਾ ਜਿੱਥੇ ਸੁਖਾਲਾ ਰਿਹਾ, ਉਥੇ ਜਵਾਨੀ ਦਾ ਜੀਵਨ ਭਰਪੂਰ ਸੰਘਰਸ਼ਮਈ ਰਿਹਾ। 1957 ਵਿਚ ਮੈਟਿ੍ਰਕ ਕਰਨ ਤੋਂ ਬਾਅਦ 1962 ਵਿਚ ਪੰਚਾਇਤ ਸਕੱਤਰ ਬਣੇ ਅਤੇ ਇਸ ਤੋਂ ਬਾਅਦ ਟੈਕਸ ਕਲੈਕਟਰ ਅਤੇ 1999 ’ਚ ਪੰਚਾਇਤ ਅਫਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੀ ਪਤਨੀ ਆਤਮਜੀਤ ਕੌਰ ਵੀ ਅਧਿਆਪਕ ਸਨ। ਤਿੰਨ ਬੇਟੇ ਤੇ ਇਕ ਬੇਟੀ ਜੋ ਆਸਟੇ੍ਰਲੀਆ ਵਿਚ ਸਿੱਖਿਆ ਨੂੰ ਪ੍ਰਮੋਟ ਕਰਨ ਲਈ ਸੰਨ ਸ਼ਾਈਨ ਅਤੇ ਡੋਲਾ ਇੰਟਰਨੈਸ਼ਨਲ ਕਾਲਜ ਚਲਾ ਰਹੇ ਹਨ। ਬੇਦੀ ਨੇ ਕਿਹਾ ਕਿ ਜਦੋਂ ਉਹ ਮੈਲਬੌਰਨ ਆਪਣੇ ਬੱਚਿਆਂ ਕੋਲ ਗਿਆ ਤਾਂ ਉਨ੍ਹਾਂ ਇਕ ਅੰਗਰੇਜ਼ ਦੀ ਲਿਖੀ ਹੋਈ ਕਿਤਾਬ ਪੜ੍ਹੀ ਜਿਸ ਵਿਚ ਅੰਗਰੇਜ਼ ਲੇਖਕ ਨੇ ਲਿਖਿਆ ਸੀ ਕਿ ਖਾਲਸਾ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਧਾਰਮਿਕ ਅਸਥਾਨ ਗੁਰਦੁਆਰੇ ਤੇ ਮੰਦਰਾਂ ਦੇ ਨਿਰਮਾਣ ਦੇ ਨਾਲ-ਨਾਲ ਸਕੂਲਾਂ ਦਾ ਵੀ ਨਿਰਮਾਣ ਕਰਵਾਇਆ ਸੀ। ਉਸ ਕਿਤਾਬ ਵਿਚ ਲਿਖਿਆ ਸੀ ਕਿ ਮਸੀਹ ਧਰਮ ਦਾ ਦੁਨੀਆ ਭਰ ਵਿਚ ਪਸਾਰ ਹੋਇਆ ਪ੍ਰੰਤੂ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਨਾ ਹੋਣ ਕਰ ਕੇ ਸਿੱਖ ਕੌਮ ਵਿਚ ਵੱਡੀ ਗਿਰਾਵਟ ਆਈ ਹੈ ਅਤੇ ਇਸ ਲਿਖਤ ਦਾ ਉਸ ਦੇ ਮਨ ’ਤੇ ਗਹਿਰਾ ਅਸਰ ਹੋਇਆ। ਉਨ੍ਹਾਂ ਵੱਲੋਂ 2007 ਤੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਮਨੋਰਥ ਨਾਲ ਪਹਿਲੀ ਵਾਰ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਭਗਤਾਣਾ ਬੋਹੜ ਵਡਾਲਾ ਦੇ ਮਰਹੂਮ ਸਰਪੰਚ ਮੰਗਤ ਰਾਮ ਦੇ ਸਹਿਯੋਗ ਨਾਲ ਉਸ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਵਾਸਤੇ ਪ੍ਰਤੀ ਮਹੀਨਾ 200 ਰੁਪਏ ਸਕਾਲਰਸ਼ਿਪ ਵਜੋਂ ਦੇਣ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਹੋਰ ਵੀ ਬਾਰਡਰ ਏਰੀਏ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਲੋੜਵੰਦ ਸੈਂਕੜੇ ਵਿਦਿਆਰਥੀਆਂ ਦੇ ਖਾਤਿਆਂ ਵਿਚ ਲਗਾਤਾਰ ਸਕਾਲਰਸ਼ਿਪ ਵਜ਼ੀਫਾ ਰਾਸ਼ੀ ਵਜੋਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬਣਾਏ ਗਏ ਬਾਬਾ ਸ਼੍ਰੀ ਚੰਦ ਚੈਰੀਟੇਬਲ ਟਰਸਟ ਵੱਲੋਂ ਇਕ ਕਰੋੜ 40 ਲੱਖ ਰੁਪਏ ਦੇ ਏਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆਂ) ਨੂੰ ਡਾਈਕਨ ਕੰਪਨੀ ਦੇ ਆਲ ਵੈਦਰ 24 ਏਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ 33 ਏਸੀ, ਜ਼ਿਲ੍ਹੇ ਦੇ 90 ਸਰਕਾਰੀ ਸਕੂਲਾਂ ਨੂੰ 90 ਵੱਡੇ ਤੇ ਛੋਟੇ ਵਾਟਰ ਕੂਲਰ,14 ਪ੍ਰਾਜੈਕਟਰ, 50 ਐੱਲਈਡੀ ਸਕੂਲਾਂ ਨੂੰ ਖੇਡ ਗਰਾਉਂਡਾਂ,2 ਵੱਡੇ ਜਰਨੇਟਰ ਜਿਨ੍ਹਾਂ ਦੀ ਕੀਮਤ 9 ਲੱਖ ਰੁਪਏ, 12 ਵੈਸਟਰਨ ਬਾਥਰੂਮ, 2 ਸਕੂਲਾਂ ਵਿਚ 14 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਵਾਲੇ 2 ਏਸੀ ਆਡੀਟੋਰੀਅਮ ਅਤੇ ਦੋਵਾਂ ਸਕੂਲਾਂ ਵਿਚ ਸੀਸੀਟੀਵੀ ਕੈਮਰੇ ,1200 ਦੇ ਕਰੀਬ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਨ ਲਈ ਐਜੂਕੇਸ਼ਨ ਕਿੱਟਾਂ ਮੁਹੱਈਆਂ ਕਰਵਾਈਆਂ ਅਤੇ ਲੋੜਵੰਦ 50 ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਲਈ ਲੱਖਾਂ ਰੁਪਏ ਵਜ਼ੀਫ਼ੇ ਦੇ ਰੂਪ ਵਿੱਚ ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੰਨਿਆ ਸਕੂਲ ਕੈਂਪ ਬਟਾਲਾ ਦੀਆਂ ਵਿਦਿਆਰਥੀਆਂ ਲਈ ਵੀ ਲੱਖਾਂ ਰੁਪਏ ਦੇ ਏਸੀ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਬੇਸਹਾਰਾ, ਵਿਧਵਾ, ਲਾਚਾਰ ਅਤੇ ਲੋੜਵੰਦਾਂ ਦੀ ਮਾਲੀ ਸਹਾਇਤਾ ਕੀਤੀ ਜਾ ਰਹੀ ਹੈ।