ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 19 ਅਪ੍ਰੈਲ
ਲੁਧਿਆਣਾ ਦੇ ਇਕ ਡਾਕਟਰ ਦੀ ਲਾਪਰਵਾਹੀ ਅਤੇ ਧੋਖਾਧੜੀ ਦੇ ਚਲਦਿਆਂ ਸਿਹਤਮੰਦ ਹੌਜ਼ਰੀ ਕਾਰੋਬਾਰੀ ਦਾ ਜੀਵਨ ਨਰਕ ਤੋਂ ਵੀ ਮਾੜਾ ਹੋ ਗਿਆ l ਦਰਅਸਲ ਕਾਰੋਬਾਰੀ ਦੀ ਸੱਜੀ ਕਿਡਨੀ 'ਚ ਪੱਥਰੀ ਸੀ ਅਤੇ ਡਾਕਟਰ ਨੇ ਉਸ ਦੀ ਖੱਬੀ ਕਿਡਨੀ ਦਾ ਆਪਰੇਸ਼ਨ ਕਰ ਦਿੱਤਾ l ਹਸਪਤਾਲ 'ਚ 1 ਲੱਖ 10 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਡਾਕਟਰ ਨੇ 55 ਹਜ਼ਾਰ ਰੁਪਏ ਆਪਰੇਸ਼ਨ ਫੀਸ ਵੀ ਲੈ ਲਈ l ਐਨਾ ਹੀ ਨਹੀਂ ਉਸਨੇ ਮੈਡੀਕਲ ਕਲੇਮ 'ਚੋਂ 1 ਲੱਖ ਰੁਪਏ ਦੀ ਰਕਮ ਵੀ ਹਾਸਿਲ ਕਰ ਲਈl ਗਲਤ ਹੋਏ ਆਪਰੇਸ਼ਨ ਤੋਂ ਬਾਅਦ ਕਾਰੋਬਾਰੀ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ l ਉਸ ਦੇ ਰੀੜ੍ਹ ਦੀ ਹੱਡੀ ਤੇ ਸਰੀਰ ਦੇ ਹੋਰ ਹਿੱਸਿਆਂ 'ਚ ਬਹੁਤ ਜਿਆਦਾ ਦਿੱਕਤਾਂ ਵੱਧ ਗਈਆਂ l ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਪਰੇਸ਼ਨ ਦੇ ਦੋ ਸਾਲ ਬਾਅਦ ਉਨ੍ਹਾਂ ਦੀ ਹਾਲਤ ਇਹ ਹੈ ਕਿ ਉਹ ਖੁਦ ਬਾਥਰੂਮ ਅਤੇ ਟੋਇਲਟ ਵੀ ਨਹੀਂ ਜਾ ਸਕਦੇl ਦੋ ਸਾਲ ਤੋਂ ਉਸ ਨੂੰ ਯੂਰੇਨ ਬੈਗ ਲੱਗਾ ਹੋਇਆ ਹੈ l ਇਸ ਸਾਰੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਡਾਕਟਰ ਦੇ ਖਿਲਾਫ ਮੁਕਦਮਾ ਦਰਜ ਕਰਨ ਦੇ ਆਦੇਸ਼ ਦਿੱਤੇl ਜਾਂਚ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਰਾਜਗੁਰੂ ਨਗਰ ਦੇ ਰਹਿਣ ਵਾਲੇ ਕਾਰੋਬਾਰੀ ਵਨੀਤ ਖੰਨਾ ਦੀ ਸ਼ਿਕਾਇਤ 'ਤੇ ਫੇਸ 3 ਦੁਗਰੀ ਦੇ ਵਾਸੀ ਡਾਕਟਰ ਹਰਪ੍ਰੀਤ ਸਿੰਘ ਜੌਲੀ ਖਿਲਾਫ਼ ਧੋਖਾਧੜੀ ਅਤੇ ਹੋਰ ਸੰਗੀਨ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। 13 ਮਾਰਚ 2023 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਹੌਜ਼ਰੀ ਦੇ ਕਾਰੋਬਾਰੀ ਵਿਨਿਤ ਖੰਨਾ ਨੇ ਦੱਸਿਆ ਕਿ ਕੁਝ ਸਾਲ ਪਹਿਲੋਂ ਉਨ੍ਹਾਂ ਦੇ ਪੇਟ 'ਚ ਜ਼ਬਰਦਸਤ ਦਰਦ ਹੋਈ l ਜਾਂਚ ਕਰਵਾਉਣ 'ਤੇ ਸਾਹਮਣੇ ਆਇਆ ਕਿ ਉਨ੍ਹਾਂ ਦੀ ਸੱਜੀ ਕਿਡਨੀ 'ਚ ਪੱਥਰੀ ਹੈ l ਪੱਥਰੀ ਦਾ ਆਪਰੇਸ਼ਨ ਕਰਵਾਉਣ ਲਈ ਵਿਨੀਤ ਖੰਨਾ ਨੇ ਡਾਕਟਰਾਂ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਇਹ ਸਾਫ ਹੋਇਆ ਕਿ ਉਹ ਆਪਰੇਸ਼ਨ ਤੋਂ ਬਾਅਦ ਕੁਝ ਹੀ ਦਿਨਾਂ ਵਿੱਚ ਪਹਿਲੇ ਵਾਂਗ ਤੰਦਰੁਸਤ ਹੋ ਜਾਣਗੇ l ਵਿਨੀਤ ਖੰਨਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਪਰੇਸ਼ਨ ਲਈ ਪਿੰਡ ਗਿੱਲ ਸਥਿਤ ਡਾਕਟਰ ਹਰਪ੍ਰੀਤ ਸਿੰਘ ਜੌਲੀ ਕੋਲ ਲਿਜਾਇਆ ਗਿਆ l ਡਾਕਟਰ ਜੌਲੀ ਨੇ 1ਲੱਖ 10ਹਜਾਰ ਰੁਪਏ ਜਮਾਂ ਕਰਵਾਉਣ ਤੋਂ ਬਾਅਦ ਉਨ੍ਹਾਂ ਕੋਲੋਂ 55000 ਰੁਪਏ ਆਪਰੇਸ਼ਨ ਫੀਸ ਦੇ ਨਾਂ 'ਤੇ ਹਾਸਿਲ ਕਰ ਲਏl ਆਪਰੇਸ਼ਨ ਥੀਏਟਰ 'ਚ ਲਿਜਾਉਣ ਤੋਂ ਬਾਅਦ ਡਾਕਟਰ ਨੇ ਸੱਜੀ ਕਿਡਨੀ ਦੀ ਜਗ੍ਹਾ ਖੱਬੀ ਕਿਡਨੀ ਦਾ ਅਪਰੇਸ਼ਨ ਕਰ ਦਿੱਤਾ l ਆਪਰੇਸ਼ਨ ਤੋਂ ਬਾਅਦ ਪਰਿਵਾਰਕ ਮੈਂਬਰ ਵਿਨੀਤ ਖੰਨਾ ਨੂੰ ਘਰ ਲੈ ਗਏ l ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਵੱਧ ਗਈਆਂ l ਵਿਨੀਤ ਖੰਨਾ ਦੇ ਅੰਦਰੂਨੀ ਹਿੱਸਿਆਂ 'ਚ ਇਨਫੈਕਸ਼ਨ ਵੱਧ ਗਈ ਅਤੇ ਉਸ ਦੀ ਰੀੜ੍ਹ ਦੀ ਹੱਡੀ 'ਚ ਵੀ ਵੱਡੀ ਦਿੱਕਤ ਹੋ ਗਈ l ਪੂਰਾ ਪਰਿਵਾਰ ਹੈਰਾਨ ਤਾਂ ਉਸ ਵੇਲੇ ਹੋਇਆ ਜਦੋਂ ਉਨ੍ਹਾਂ ਨੇ ਵਿਨੀਤ ਖੰਨਾ ਦੀ ਇੱਕ ਵਾਰ ਫਿਰ ਤੋਂ ਜਾਂਚ ਕਰਵਾਈl ਪਰਿਵਾਰ ਨੂੰ ਪਤਾ ਲੱਗਾ ਕਿ ਸੱਜੇ ਪਾਸੇ ਵਾਲੀ ਕਿਡਨੀ 'ਚ ਪੱਥਰੀ ਅਜੇ ਵੀ ਮੌਜੂਦ ਸੀ l ਐਨਾ ਹੀ ਨਹੀਂ ਧੋਖਾਧੜੀ ਕਰਦੇ ਹੋਏ ਡਾਕਟਰ ਨੇ ਵਿਨੀਤ ਖੰਨਾ ਦੀ ਮੈਡੀਕਲ ਇੰਸ਼ੋਰੈਂਸ ਵਿੱਚੋਂ 1 ਲੱਖ ਰੁਪਏ ਦਾ ਕਲੇਮ ਵੀ ਹਾਸਲ ਕਰ ਲਿਆ l ਉਧਰੋਂ ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਤੋਂ ਬਾਅਦ ਡਾਕਟਰ ਦੇ ਖਿਲਾਫ ਸੰਗੀਨ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।