ਬੀਬੀਐਨ ਨੈਟਵਰਕ ਪੰਜਾਬ, ਸੰਗਰੂਰ ਬਿਊਰੋ, 19 ਅਪ੍ਰੈਲ
ਨੇੜਲੇ ਪਿੰਡ ਖੋਖਰ ਕਲਾਂ ਦੇ ਕਿਸਾਨ ਹਜ਼ਾਰਾ ਸਿੰਘ ਪੁੱਤਰ ਤਾਰਾ ਸਿੰਘ ਵਲੋਂ ਕਰਜ਼ੇ ਤੇ ਜ਼ਮੀਨ ਦੇ ਲੈਣ-ਦੇਣ ਤੋਂ ਤੰਗ ਆ ਕੇ ਲੰਘੀ ਰਾਤ ਫਾਹਾ ਲੈ ਲਿਆ। ਮ੍ਰਿਤਕ ਦੇ ਭਰਾ ਬਿੱਕਰ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ, ਕਿ ਤਾਰਾ ਸਿੰਘ ਨੇ 15 ਸਾਲ ਪਹਿਲਾਂ ਸਾਢੇ ਤਿੰਨ ਏਕੜ ਜ਼ਮੀਨ ਲਹਿਰਾਗਾਗਾ ਦੇ ਇਕ ਵਿਅਕਤੀ ਨੂੰ ਵੇਚੀ ਸੀ ਅਤੇ ਖਰੀਦਦਾਰ ਨੇ ਉਹ ਜ਼ਮੀਨ ਅੱਗੇ ਭਵਾਨੀਗੜ੍ਹ ਦੇ ਇਕ ਵਿਅਕਤੀ ਨੂੰ ਵੇਚ ਦਿੱਤੀ ਸੀ, ਉਹ ਵਿਅਕਤੀ 2 ਕਨਾਲ ਜ਼ਮੀਨ ਵੱਧ ਵਾਹ ਰਿਹਾ ਹੈ, ਜਿਸ ਤੋਂ ਉਹ ਪਰੇਸ਼ਾਨ ਸੀ। ਲੰਘੀ ਰਾਤ ਉਸ ਨੇ ਆਪਣੇ ਘਰ ਤੂੜੀ ਵਾਲੇ ਕੋਠੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਭਰਾ ਦੇ ਬਿਆਨਾ ’ਤੇ ਅਜੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਇਸ ਦੀ ਪੜਤਾਲ ਸਹਾਇਕ ਥਾਣੇਦਾਰ ਜਗਸੀਰ ਸਿੰਘ ਕਰ ਰਹੇ ਹਨ। ਪੁਲਿਸ ਨੇ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ।