ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 19 ਅਪ੍ਰੈਲ
ਥਾਣਾ ਮਿਹਰਬਾਨ ਅਧੀਨ ਪਿੰਡ ਮੰਗਲੀ ਟਾਂਡਾ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਕੂਟਰੀਆਂ ’ਤੇ ਸਵਾਰ ਹੋ ਕੇ ਜਾ ਰਹੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਨਾਲ ਫੱਟੜ ਕਰ ਦਿੱਤਾ। ਇਸ ਸੜਕ ਹਾਦਸੇ ਦੇ ਸ਼ਿਕਾਰ ਰਾਹਗੀਰਾਂ ’ਚੋਂ ਇੱਕ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਨਾਲ ਫੱਟੜ ਹੈ। ਇਸ ਮਾਮਲੇ ’ਚ ਥਾਣਾ ਮਿਹਰਬਾਨ ਪੁਲਿਸ ਨੇ ਪਿੰਡ ਮੰਗਲੀ ਟਾਂਡਾ ਦੇ ਰਹਿਣ ਵਾਲੇ ਜਗਪਾਲ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਕਾਰ ਚਾਲਕ ਪਿੰਡ ਲੁਹਾਰਾ ਵਾਸੀ ਜਗਦੀਸ਼ ਸਿੰਘ ਖ਼ਿਲਾਫ਼ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਸ਼ਿਕਾਇਤਕਰਤਾ ਜਗਪਾਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਦੁਰਘਟਨਾ ਵਾਲੇ ਦਿਨ ਉਹ ਆਪਣੇ ਤਾਏ ਦੇ ਲੜਕੇ ਬਲਵੀਰ ਸਿੰਘ ਤੇ ਮੇਜਰ ਸਿੰਘ ਨਾਲ ਆਪਣੀਆਂ ਐਕਟਿਵਾ ਸਕੂਟਰੀਆਂ ’ਤੇ ਸਵਾਰ ਹੋ ਕੇ ਪਿੰਡ ਹਵਾਸ ਤੋਂ ਘਰ ਵੱਲ ਜਾ ਰਹੇ ਸਨ। ਇਸ ਦੌਰਾਨ ਜਦ ਉਹ ਪਿੰਡ ਮੰਗਲੀ ਟਾਂਡਾ ਪੈਟਰੋਲ ਪੰਪ ਦੇ ਨਜ਼ਦੀਕ ਪੁੱਜੇ ਤਾਂ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸਾਹਮਣੇ ਤੋਂ ਆਉਂਦੇ ਹੋਏ ਉਨ੍ਹਾਂ ਦੀਆਂ ਸਕੂਟਰੀਆਂ ’ਚ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ’ਚ ਬਲਵੀਰ ਸਿੰਘ ਅਤੇ ਮੇਜਰ ਸਿੰਘ ਗੰਭੀਰ ਰੂਪ ਨਾਲ ਫੱਟੜ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਲਿਆਂਦਾ ਗਿਆ। ਦੁਰਘਟਨਾ ਦਾ ਸ਼ਿਕਾਰ ਹੋਇਆ ਮੇਜਰ ਸਿੰਘ ਸੁਖਮਨੀ ਹਸਪਤਾਲ ਰਾਹੋ ਰੋਡ ਮੰਗਲੀ ਟਾਂਡਾ ਵਿਖੇ ਜ਼ੇਰੇ ਇਲਾਜ ਹੈ, ਜਦਕਿ ਬਲਬੀਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ’ਤੇ ਹਾਜ਼ਰ ਰਾਹਗੀਰਾਂ ਮੁਤਾਬਕ ਕਾਰ ਚਾਲਕ ਦਾ ਨੰਬਰ ਨੋਟ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ, ਜਿਸ ਦੇ ਚਲਦੇ ਉਸ ਦੀ ਪਛਾਣ ਪਿੰਡ ਲੁਹਾਰਾ ਦੇ ਰਹਿਣ ਵਾਲੇ ਜਗਦੀਸ਼ ਸਿੰਘ ਦੇ ਰੂਪ ’ਚ ਹੋਈ ਹੈ।