ਬੀਬੀਐਨ ਨੈਟਵਰਕ ਪੰਜਾਬ, ਸੰਗਰੂਰ, ਬਰਨਾਲਾ ਬਿਊਰੋ, 19 ਅਪ੍ਰੈਲ
ਆਮ ਆਦਮੀ ਪਾਰਟੀ ਦੇ ਗੜ੍ਹ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹਾ ਸੰਗਰੂਰ ’ਚ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਹਲਕਾ ਧੂਰੀ ਅਤੇ ਹਲਕਾ ਬਰਨਾਲਾ ਦੇ ਵਿੱਚ ਕਾਂਗਰਸ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਰੱਖੇ ਗਏ ਸਮਾਗਮ ਦੇ ਦੌਰਾਨ ਚੋਣ ਪ੍ਰਚਾਰ ਕਰਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਗਰੂਰ ’ਚ ਜਨਤਕ ਬਹਿਸ ਰੱਖਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਨੂੰ ਬੋਲਣ ਨਹੀਂ ਦਿੰਦੇ, ਕਿਉਂਕਿ ਮਾਈਕ, ਸਪੀਕਰ, ਕੈਮਰੇ ਸਭ ਉਨ੍ਹਾਂ ਦੇ ਹੱਥ ਹੁੰਦੇ ਹਨ ਪਰ ਸੰਗਰੂਰ ’ਚ ਖੁੱਲ੍ਹੀ ਬਹਿਸ ਰੱਖ ਕੇ ਭਗਵੰਤ ਮਾਨ ਇਹ ਸਾਬਤ ਕਰ ਕੇ ਦਿਖਾਉਣ ਕਿ ਉਨ੍ਹਾਂ ’ਤੇ (ਸੁਖਪਾਲ ਖਹਿਰਾ) ਦਰਜ ਕੀਤੇ ਕੇਸ ਸੱਚੇ ਹਨ। ਜੇ ਮਾਨ ਸਾਬਤ ਕਰ ਦੇਣ ਤਾਂ ਮੈਂ ਸਿਆਸਤ ਛੱਡ ਦਿਆਂਗਾ। ਖਹਿਰਾ ਨੇ ਕਿਹਾ ਕਿ ਬਦਲਾਅ ਦੇ ਨਾਅਰੇ ਲਗਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕ੍ਰਾਂਤੀ ਤਾਂ ਕੀ ਲਿਆਉਣੀ ਸੀ, ਉਲਟਾ ਲੋਕਾਂ ਨੂੰ ਹੋਰ ਸਮੱਸਿਆਵਾਂ ਵਿਚ ਉਲਝਾ ਦਿੱਤਾ। ‘ਆਪ’ ਵਲੰਟੀਅਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਲਈ ਜੋ ਲੋਕ ਪੰਜਾਬ ਦੇ ਹਿਤੈਸ਼ੀ ਹਨ, ਉਹ ਇਸ ਲੋਕ ਸਭਾ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਇਕ ਵਾਰ ਸਬਕ ਜ਼ਰੂਰ ਸਿਖਾਉਣ। ਖਹਿਰਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ ਮੰਤਰੀ ਆਬਕਾਰੀ ਘੁਟਾਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਹੈ ਤੇ ਉਨ੍ਹਾਂ ਦੀ ਜ਼ਮਾਨਤ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ ਪਰ ਫਿਰ ਵੀ ਉਹ ਖੁਦ ਨੂੰ ਕੱਟੜ ਇਮਾਨਦਾਰ ਕਹਿ ਰਹੇ ਹਨ। ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ। ਭਗਵੰਤ ਮਾਨ ਕੇਂਦਰ ਦੀ ਭਾਜਪਾ ਸਰਕਾਰ ’ਤੇ ਸੀਬੀਆਈ ਤੇ ਈਡੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹਨ ਪਰ ਪੰਜਾਬ ਵਿਚ ਖੁਦ ਵਿਜੀਲੈਂਸ ਤੇ ਪੰਜਾਬ ਪੁਲਿਸ ਦੀ ਇਸ ਤੋਂ ਕਿਤੇ ਵੱਧ ਦੁਰਵਰਤੋਂ ਕਰ ਰਹੇ ਹਨ। ਕਾਂਗਰਸੀਆਂ ’ਤੇ ਝੂਠੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਧੱਕਿਆ ਜਾ ਰਿਹਾ ਹੈ। ਉਨ੍ਹਾਂ ’ਤੇ ਵੀ ਕਥਿਤ ਝੂਠੇ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ। ਕਾਂਗਰਸ ਦੇ ਵਿਧਾਇਕਾਂ ਨੂੰ ਡਰਾ-ਧਮਕਾ ਕੇ ‘ਆਪ’ ਵਿਚ ਸ਼ਾਮਲ ਕਰ ਰਹੇ ਹਨ।