ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 20 ਅਪ੍ਰੈਲ
ਏਸ਼ੀਆ ਦੀ ਦੂਜੀ ਵੱਡੀ ਜਗਰਾਓਂ ਮੰਡੀ ਵਿਚ ਅੱਜ ਖੁੱਲ੍ਹੇ ਅਸਮਾਨ ਹੇਠ ਵਿਕੀ ਅਤੇ ਅਣਵਿਕੀ ਕਣਕ ’ਤੇ ਮੀਂਹ ਵਰਿ੍ਹਆ। ਇਕਦਮ ਤੋਂ ਤੇਜ ਮੀਂਹ ਦੇ ਨਾਲ ਕੁਝ ਸਮੇਂ ਲਈ ਹੋਈ ਗੜ੍ਹੇਮਾਰੀ ਨੇ ਜਗਰਾਓਂ ਮੰਡੀ ਵਿਚ ਭਾਜੜ ਪਾ ਦਿੱਤੀ। ਇਸ ਭਾਜੜ ਵਿਚ ਮੰਡੀ ’ਚ ਕਣਕ ਦੀ ਰਾਖੀ ਬੈਠੇ ਕਿਸਾਨ, ਮਜ਼ਦੂਰ, ਆੜ੍ਹਤੀ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਜੱਦੋਜਹਿਦ ਵਿਚ ਲੱਗੇ ਰਹੇ। ਪਰ ਇਸ ਦੇ ਬਾਵਜੂਦ ਤੇਜ ਮੀਂਹ ਨੇ ਵੱਡੀ ਮਾਤਰਾ ਵਿਚ ਕਣਕ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਗਰਾਓਂ ਮੰਡੀ ਦੇ ਦੌਰੇ ਦੌਰਾਨ ਦੇਖਿਆ ਕਿ ਚਾਹੇ ਬਹੁਤੀਆਂ ਕਣਕ ਦੀਆਂ ਢੇਰੀਆਂ ਤਰਪਾਲਾਂ ਨਾਲ ਢਕੀਆਂ ਹੋਈਆਂ ਸਨ ਪਰ ਤਰਪਾਲਾਂ ਦੇ ਹੇਠਾਂ ਦੀ ਮੀਂਹ ਨੇ ਮਾਰ ਕਾਰਨ ਕਣਕ ਭਿੱਜ ਗਈ। ਇਹੀ ਹਾਲਾਤ ਮੰਡੀ ਵਿਚ ਖ਼ਰੀਦ ਏਜੰਸੀਆਂ ਅਤੇ ਵਪਾਰੀਆਂ ਵੱਲੋਂ ਖ਼ਰੀਦੀ ਕਣਕ ਦੀਆਂ ਬੋਰੀਆਂ ਦੇ ਸਨ। ਕਣਕ ਦੀਆਂ ਬੋਰੀਆਂ ਮੀਂਹ ਨਾਲ ਭਿੱਜ ਗਈ ਅਤੇ ਕਈ ਥਾਵਾਂ ’ਤੇ ਇਨ੍ਹਾਂ ਬੋਰੀਆਂ ਹੇਠਾਂ ਮੀਂਹ ਦਾ ਪਾਣੀ ਤੈਰ ਰਿਹਾ ਸੀ। ਜਿਉਂ ਹੀ ਮੀਂਹ ਬੰਦ ਹੋਇਆ, ਮਜ਼ਦੂਰਾਂ ਦੇ ਨਾਲ ਕਿਸਾਨ ਵੀ ਆਪਣੀ ਹੱਢ ਤੋੜਵੀਂ ਮਿਹਨਤ ਨਾਲ ਤਿਆਰ ਹੋਈ ਕਣਕ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਵਿਚ ਲੱਗੇ ਹੋਏ ਸਨ। ਮੰਡੀ ਦੇ ਫੜ੍ਹਾਂ ਵਿਚ ਕਈ ਥਾਂ ਪਾਣੀ ਭਰਿਆ ਹੋਣ ਕਾਰਨ ਮਜ਼ਦੂਰ ਪਾਣੀ ਕੱਢ ਰਹੇ ਸਨ। ਇਸ ਤੋਂ ਇਲਾਵਾ ਕਿਸਾਨ ਵੀ ਮਜ਼ਦੂਰਾਂ ਨਾਲ ਮੀਂਹ ਕਾਰਨ ਭਿੱਜੀ ਕਣਕ ਨੂੰ ਸੁਕਾਉਣ ਲਈ ਜੱਦੋਜਹਿਦ ਕਰ ਰਹੇ ਸਨ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਕਦਮ ਤੋਂ ਹੀ ਚਾਹੇ ਕੁਝ ਸਮੇਂ ਲਈ ਹੀ ਮੀਂਹ ਅਤੇ ਗੜ੍ਹੇਮਾਰੀ ਹੋਈ ਪਰ ਇਸ ਮੀਂਹ ਨੇ ਕਣਕ ਨੂੰ ਪਾਣੀ ਤੋਂ ਬਚਾਉਣ ਲਈ ਤਰਪਾਲਾਂ ਨਾਲ ਢਕਣ ਦਾ ਵੀ ਮੌਕਾ ਨਾ ਦਿੱਤਾ। ਜਿਸ ਕਰਕੇ ਅੱਜ ਮੰਡੀ ਵਿਚ ਬਹੁਤੀ ਕਣਕ ਮੀਂਹ ਦੀ ਲਪੇਟ ਵਿਚ ਆ ਗਈ। ਇਸ ਸਮੇਂ ਜਗਰਾਓਂ ਮਾਰਕੀਟ ਕਮੇਟੀ ਦੇ ਸਕੱਤਰ ਕੰਵਲਪ੍ਰੀਤ ਸਿੰਘ ਕਲਸੀ ਨੇ ਦੱਸਿਆ ਕਿ ਅੱਜ ਦੇ ਮੀਂਹ ਕਾਰਨ ਕਿਸੇ ਤਰ੍ਹਾਂ ਦਾ ਕੋਈ ਫਸਲ ਨੂੰ ਨੁਕਸਾਨ ਨਹੀਂ ਹੈ। ਮੌਸਮ ਵਿਗੜਦਿਆਂ ਹੀ ਫਸਲਾਂ ਨੂੰ ਢਕ ਦਿੱਤਾ ਗਿਆ ਸੀ ਅਤੇ ਜਿਥੇ ਕਿਤੇ ਵੀ ਪਾਣੀ ਭਰਿਆ, ਉਸਨੂੰ ਕੱਢ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਤਕ ਜਗਰਾਓਂ ਮੰਡੀ ਵਿਚ 42414 ਕੁਇੰਟਲ ਕਣਕ ਦੀ ਆਮਦ ਹੋਈ ਜਿਸ ਵਿਚੋਂ 32814 ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ।