ਬੀਬੀਐਨ ਨੈਟਵਰਕ ਪੰਜਾਬ, ਪਠਾਨਕੋਟ ਬਿਊਰੋ, 20 ਅਪ੍ਰੈਲ
ਦੋ ਗੁੱਟਾਂ ਦੇ ਝਗੜੇ ਦੌਰਾਨ ਨੌਜਵਾਨ ਦੇ ਕਤਲ ਤੇ ਫਿਰ ਮੁਲਜ਼ਮਾਂ ਦੀ ਗਿ੍ਰਫਤਾਰੀ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਪਠਾਨਕੋਟ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਮ੍ਰਿਤਕ ਪੰਕਜ ਕੁਮਾਰ ਉਰਫ਼ ਪੰਕੂ ਤੇ ਵਿਨੋਦ ਕੁਮਾਰ ਉਰਫ਼ ਸੋਨੂੰ ਦਾਨਾ ਵਾਸੀ ਕੋਠੇ ਮਨਵਾਲ ਦਾ ਪਹਿਲਾਂ ਤੋਂ ਹੀ ਤਕਰਾਰ ਚੱਲ ਰਿਹਾ ਸੀ। 18 ਅਪ੍ਰੈਲ ਨੂੰ ਦੋਵਾਂ ਧੜਿਆਂ ਨੇ ਇੱਕ-ਦੂਜੇ ਨੂੰ ਮਿਲਣ ਦਾ ਸਮਾਂ ਦਿੱਤਾ ਸੀ। ਸ਼ਾਮ 5 ਵਜੇ ਦੇ ਕਰੀਬ ਦੋਵੇਂ ਧੜੇ ਪਿੰਡ ਝੂੰਬਰ, ਬਾਬਾ ਪੀਰ ਕੋਲ ਹਥਿਆਰਾਂ ਸਮੇਤ ਇਕੱਠੇ ਹੋ ਗਏ। ਲੜਾਈ ਦੌਰਾਨ ਵਿਨੋਦ ਕੁਮਾਰ ਉਰਫ਼ ਸੋਨੂੰ ਦਾਨਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਕਜ ਕੁਮਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਹਮਲੇ ਵਿੱਚ ਪੰਕਜ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਸ਼ਾਹਪੁਰਕੰਡੀ ਥਾਣੇ ਵਿਚ ਖਾਨਪੁਰ ਵਾਸੀ ਵਿਨੋਦ ਕੁਮਾਰ ਉਰਫ ਸੋਨੂੰ ਦਾਨਾ, ਰਾਹੁਲ ਉਰਫ ਕਾਕਾ, ਕੋਠੇ ਮਨਵਾਲ ਨਿਵਾਸੀ ਅਨਿਲ ਕੁਮਾਰ ਉਰਫ ਨਿਜਾ, ਖਾਨਪੁਰ ਕਬੀਰ ਕਲੋਨੀ ਨਿਵਾਸੀ ਰੋਹਿਤ, ਖਾਨਪੁਰ ਨਿਵਾਸੀ ਪਵਨ ਕੁਮਾਰ ਉਰਫ ਬੱਬਾ, ਉਪਰਲੀ ਲਮੀਨੀ ਵਾਸੀ ਰਣਜੀਤ ਸਿੰਘ, ਮਨਜੀਤ ਸਿੰਘ ਅਤੇ ਖਾਨਪੁਰ ਕਬੀਰ ਕਲੋਨੀ ਵਾਸੀ ਸੰਜੂ ਖਿਲਾਫ ਮਾਮਲਾ ਦਰਜ ਕਰ ਕੇ ਸੱਤ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫਰਾਰ ਸੰਜੂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।