ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 20 ਅਪ੍ਰੈਲ
ਮੋਹਕਮਪੁਰਾ ਥਾਣਾ ਪੁਲਿਸ ਨੇ ਫਿਰੌਤੀ ਦੇ ਕੇ ਹਮਲਾ ਕਰਵਾਉਣ ਦੇ ਦੋਸ਼ ’ਚ ਭਾਜਪਾ ਪ੍ਰਵਾਸੀ ਸੈੱਲ ਦੇ ਮੁਖੀ ਨੀਰਜ ਰਾਜਪੂਤ, ਉਸ ਦੇ ਭਤੀਜੇ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 14 ਅਪ੍ਰੈਲ ਨੂੰ ਦਰਜ ਐਫਆਈਆਰ ਵਿਚ ਕਤਲ ਦੀ ਕੋਸ਼ਿਸ਼ ਦੀ ਧਾਰਾ ਵੀ ਸ਼ਾਮਲ ਕੀਤੀ ਹੈ। ਦੂਜੇ ਪਾਸੇ ਥਾਣਾ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੇ ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਨੀਰਜ ਰਾਜਪੂਤ ਨੇ ਪੁਰਾਣੀ ਰੰਜਿਸ਼ ਕਾਰਨ ਇਹ ਸਾਜ਼ਿਸ਼ ਰਚੀ ਸੀ। ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ ਦੇ ਰਾਮ ਭਵਨ ਗੋਸਵਾਮੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ ਦੇ ਪੰਜਾਬ ਪ੍ਰਧਾਨ ਸੁਗਰੀਵ ਸਿੰਘ ਆਪਣੇ ਬੇਟੇ ਵਿਜੇ ਨਰਾਇਣ ਨਾਲ ਇਲਾਕੇ ਵਿਚ ਕਿਸੇ ਕੰਮ ਲਈ ਗਏ ਹੋਏ ਸਨ। ਇਸ ਦੌਰਾਨ ਦੋ ਬਾਈਕ ’ਤੇ ਸਵਾਰ ਚਾਰ ਵਿਅਕਤੀਆਂ ਨੇ ਪਿਸਤੌਲ ਅਤੇ ਦਾਤਰ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਸਾਰਾ ਮਾਮਲਾ ਸਾਫ਼ ਹੋ ਗਿਆ। ਰਾਮ ਭਵਨ ਨੇ ਦੋਸ਼ ਲਾਇਆ ਕਿ ਜਾਂਚ ਦੌਰਾਨ ਭਾਜਪਾ ਪ੍ਰਵਾਸੀ ਸੈੱਲ ਦੇ ਮੁਖੀ ਨੀਰਜ ਰਾਜਪੂਤ ਅਤੇ ਉਸ ਦੇ ਭਤੀਜੇ ਸਾਜਨ ਸਿੰਘ ਦੇ ਨਾਂ ਸਾਹਮਣੇ ਆਉਣ ਲੱਗੇ ਹਨ। ਪੁਲਸ ਨੇ ਕਾਰਵਾਈ ਕਰਦੇ ਹੋਏ ਨੀਰਜ ਰਾਜਪੂਤ, ਸਾਜਨ ਸਿੰਘ ਅਤੇ ਬਾਈਕ ਸਵਾਰ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ।