ਬੀਬੀਐਨ ਨੈਟਵਰਕ ਪੰਜਾਬ, ਰੂਪਨਗਰ ਬਿਊਰੋ, 20 ਅਪ੍ਰੈਲ
ਲੋਕ ਸਭਾ ਚੋਣਾਂ ਨੂੰ ਲੈ ਜਿੱਥੇ ਸਿਆਸੀ ਪਾਰਟੀਆਂ ਚੋਣ ਮੈਦਾਨ ਭਖਾਉਣ ‘ਚ ਲੱਗੀਆਂ ਹੋਈਆ ਹਨ ਉੱਥੇ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਸਾਂਭਣ ਤੇ ਕਿਰਤੀ ਲੋਕ ਆਪਣਾ ਪੇਟ ਭਰਨ ਲਈ ਕੰਮ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿਆਸੀਆਂ ਪਾਰਟੀਆਂ ਆਪਣਾ ਕੰਮ ਕਰ ਰਹੀਆਂ ਹਨ ਤੇ ਅਸੀ ਆਪਣਾ। ਲੋਕ ਸਭਾ ਚੋਣਾ ਲਈ ਸਿਆਸੀ ਪਾਰਟੀਆਂ ਵੱਲੋਂ ਐਲਾਣੇ ਉਮੀਦਵਾਰ ਪ੍ਰਚਾਰ ਕਰਨ ਲਈ ਪਿੰਡਾਂ ਵਿਚ ਜਾ ਰਹੇ ਹਨ, ਉੱਧਰ ਕਿਸਾਨ ਦੇ ਪੁੱਤ ਕੋਲ ਵਿਹਲ ਨਹੀ। ਕੋਈ ਕਣਕ ਵੱਢ ਰਿਹਾ, ਕੋਈ ਰੀਪਰ ਨਾਲ ਤੂੜੀ ਬਣਾ ਰਿਹਾ। ਕਿਰਤੀ ਮਜਦੂਰ ਰਾਜਨੀਤੀ ਤੋਂ ਹੱਟ ਕੇ ਆਪਣੇ ਕੰਮ ਵਿਚ ਮਸ਼ਰੂਫ਼ ਹੈ।ਪੰਜਾਬੀ ਜਾਗਰਣ ਦੀ ਟੀਮ ਨੇ ਜਦੋਂ ਸ਼ੁੱਕਰਵਾਰ ਨੂੰ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਤਾਂ ਪਿੰਡ ਗੰਧੋਕਲਾਂ ਵਿਖੇ ਕਿਸਾਨ ਸੁਰਿੰਦਰ ਸਿੰਘ ਪੁੱਤਰ ਸ਼ਿਆਮ ਸਿੰਘ, ਬਰਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਮੀਆਂਪੁਰ ਨੇ ਆਪਣੇ ਖੇਤ ਵਿਚ ਕਣਕ ਦੀ ਕਟਾਈ ਲਈ ਲਗਾਈ ਕੰਬਾਇਨ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਰਾਜਸੀ ਲੋਕ ਤਾਂ ਆਪਣੀ ਕੁਰਸੀ ਦੀ ਲੜਾਈ ਲੜਦੇ ਹਨ ਲੋਕਾਂ ਲਈ ਨਹੀ, ਕਿਸਾਨੀ ਸੰਘਰਸ਼ ਵਿਚ ਵੇਖ ਲਿਆ ਇਹ ਲੋਕ ਕਿਵੇ ਸਿਆਸੀ ਰੋਟੀਆਂ ਸੇਕਦੇ ਰਹੇ। ਸੰਘਰਸ਼ ਵਿਚ ਮਾਵਾਂ ਦੇ ਪੁੱਤ ਮਰਗੇ ਪੰਜਾਬ ਦੇ ਲੀਡਰ ਦਾ ਕੋਈ ਆਪਣਾ ਕਿਸਾਨੀ ਸੰਘਰਸ਼ ਵਿਚ ਮਰਿਆ, ਨਹੀ । ਉਨ੍ਹਾਂ ਕਿਹਾ ਕਿ ਬਾਈ ਜੀ ਸਾਨੂੰ ਪਹਿਲਾ ਆਪਣੀ ਫਸਲ ਦੀ ਸੰਭਾਲ ਕਰਨੀ ਹੈ ਵੋਟਾਂ ਤਾਂ ਬਾਅਦ ਵਿਚ ਵੇਖਾਂਗੇ ਕਿਸ ਨੂੰ ਪਾਉਣੀ ਹੈ।ਪਿੰਡ ਫੂਲਪੁਰ ਗਰੇਵਾਲ ਵਿਖੇ ਪਿੰਡ ਰਾਮਪੁਰ ਮਾਜਰੀ ਦੇ ਕਿਰਤੀ ਹਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ,ਭੋਲੀ ਪਤਨੀ ਜਗਦੇਵ ਸਿੰਘ ਨੇ ਕਣਕ ਵੱਢਦੇ ਹੋਏ ਕਿਹਾ ਕਿ ਅਸੀ ਹਰੇਕ ਸੀਜ਼ਨ 8 ਤੋਂ 10 ਕਿੱਲੇ ਕਣਕ ਦੀ ਕਟਾਈ ਹੱਥੀ ਕਰਦੇ ਹਾਂ। ਕਈ ਲੋਕ ਘਰਾਂ ਵਿਚ ਬੈਠੇ ਹਨ ਕਿ ਸਾਨੂੰ ਤਾਂ ਕਣਕ ਮਿਲ ਜਾਣੀ ਹੈ ਪਰ ਸਾਨੂੰ ਮਿਹਨਤ ਕਰਨ ਵਿਚ ਵਿਸ਼ਵਾਸ਼ ਹੈ। ਹਰਪ੍ਰੀਤ ਸਿੰਘ ਤੇ ਭੋਲੀ ਨੇ ਕਣਕ ਵੱਢਦਿਆਂ ਹੋਏ ਕਿਹਾ ਕਿ ‘ਵੇਂ ਭਾਈ ਸਾਨੂੰ ਤਾਂ ਕੰਮ ਕਰਕੇ ਹੀ ਖਾਣ ਨੂੰ ਮਿਲਣਾ, ਕਿਸੇ ਲੀਡਰ ਨੇ ਸਾਨੂੰ ਖਾਣ ਨੂੰ ਤਾਂ ਦੇਣਾ ਨਹੀ’।