ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 23 ਅਪ੍ਰੈਲ
ਛੇਹਰਟਾ ਥਾਣੇ ਅਧੀਨ ਪੈਂਦੇ ਮੈਕਸ ਸਿਟੀ ਨੇੜੇ ਬੋਲੈਰੋ ਸਵਾਰ ਚਾਰ ਵਿਅਕਤੀਆਂ ਨੇ ਇਕ ਸੇਵਾਮੁਕਤ ਏਏਐਸਆਈ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਪਣੀ ਬੋਲੈਰੋ ’ਚ ਸਵਾਰ ਹੋ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਹੈ, ਤਾਂ ਜੋ ਲੁਟੇਰੇ ਅੰਮ੍ਰਿਤਸਰ ਦੀ ਹੱਦ ਤੋਂ ਬਾਹਰ ਨਾ ਜਾ ਸਕਣ। ਇੰਸਪੈਕਟਰ ਕਪਿਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਕਤਲ ਦੇ ਦੋਸ਼ੀਆਂ ਦਾ ਕਿਤੇ ਵੀ ਪਤਾ ਨਹੀਂ ਲੱਗਾ ਹੈ। ਹਰਪ੍ਰੀਤ ਸਿੰਘ ਉਰਫ਼ ਹੈਪੀ ਨੇ ਦੱਸਿਆ ਕਿ ਪਿੰਡ ਕਾਲੇ ਘਣੂੰਪੁਰ ਦਾ ਰੁਪਿੰਦਰ ਸਿੰਘ ਉਸ ਦਾ ਦੋਸਤ ਸੀ। ਉਸ ਦੇ ਪਿਤਾ ਕੁਲਦੀਪ ਸਿੰਘ ਪੰਜਾਬ ਪੁਲਿਸ ਵਿਚ ਏਐੱਸਆਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਉਸ ਦੇ ਲੜਕੇ ਰੁਪਿੰਦਰ ਸਿੰਘ ਉਰਫ਼ ਸਾਹਿਬ ਸਿੰਘ ਦੀ ਕੁਝ ਸਮਾਂ ਪਹਿਲਾਂ ਚੰਗੀ ਸੰਗਤ ਨਹੀਂ ਸੀ। ਉਸ ਦੀ ਮਾੜੀ ਸੰਗਤ ਕਾਰਨ ਉਸ ਦੇ ਪਰਿਵਾਰਕ ਮੈਂਬਰ ਅਕਸਰ ਉਸ ਨੂੰ ਝਿੜਕਦੇ ਸਨ। ਇਸ ਦੌਰਾਨ ਰੁਪਿੰਦਰ ਸਿੰਘ ਵੀ ਨਸ਼ੇ ਦਾ ਆਦੀ ਹੋ ਗਿਆ ਸੀ। ਕੋਰੋਨਾ ਦੌਰਾਨ ਰੁਪਿੰਦਰ ਸਿੰਘ ਨੇ ਕਾਲੇ ਪਿੰਡ ਦੇ ਪਿ੍ਰੰਸ ਨਾਮਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉਦੋਂ ਤੋਂ ਮੁਲਜ਼ਮ ਜੇਲ੍ਹ ਵਿਚ ਸੀ। ਕਰੀਬ ਡੇਢ ਮਹੀਨਾ ਪਹਿਲਾਂ ਪਰਿਵਾਰ ਨੇ ਕਿਸੇ ਤਰ੍ਹਾਂ ਰੁਪਿੰਦਰ ਸਿੰਘ ਦੀ ਜ਼ਮਾਨਤ ਕਰਵਾ ਦਿੱਤੀ ਅਤੇ ਉਸ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਉਹ ਆਪਣੇ ਤਿੰਨ ਸਾਥੀਆਂ ਨਾਲ ਕਾਰ ’ਚ ਘਰੋਂ ਨਿਕਲਿਆ ਸੀ। ਇਸ ਦੌਰਾਨ ਮੈਕਸ ਸਿਟੀ ਦੇ ਬਾਹਰ ਬੋਲੈਰੋ ਸਵਾਰ ਚਾਰ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਨੇ ਆਪਣੀ ਬੋਲੈਰੋ ਤੋਂ ਚੱਲਦੀ ਕਾਰ ’ਤੇ ਗੋਲੀਆਂ ਚਲਾਈਆਂ। ਕੁਝ ਗੋਲੀਆਂ ਕਾਰ ਨੂੰ ਲੱਗੀਆਂ ਅਤੇ ਇਕ ਗੋਲੀ ਰੁਪਿੰਦਰ ਸਿੰਘ ਨੂੰ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੋਲੈਰੋ ਸਵਾਰ ਮੁਲਜ਼ਮ ਫ਼ਰਾਰ ਹੋ ਗਏ। ਜਦਕਿ ਰੁਪਿੰਦਰ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਜਿੱਥੇ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।ਪੁਲਿਸ ਨੇ ਉਕਤ ਕਤਲ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰੁਪਿੰਦਰ ਸਿੰਘ ਨਸ਼ੇ ਦੀ ਲਤ ਦਾ ਸ਼ਿਕਾਰ ਸੀ। ਪੁਲਿਸ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਕਤਲ ਨਸ਼ੇ ਦੇ ਸੌਦਾਗਰਾਂ ਵੱਲੋਂ ਕੀਤਾ ਗਿਆ ਹੈ। ਇੰਨਾ ਹੀ ਨਹੀਂ ਪੁਲਿਸ ਪਿ੍ਰੰਸ ਦੇ ਕਤਲ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਹੈ।
Comments 1