ਬੀਬੀਐਨ ਨੈਟਵਰਕ ਪੰਜਾਬ, ਰੂਪਨਗਰ ਬਿਊਰੋ, 23 ਅਪ੍ਰੈਲ
ਪਟਿਆਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਲੋਕ ਸਭਾ ਹਲ਼ਕੇ ਦੇ ਸਾਰੇ ਵਿਧਾਇਕਾਂ ਨੇ ਸੋਮਵਾਰ ਨੂੰ ਦਿੱਲੀ ’ਚ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ਼ ਮੁਲਾਕਾਤ ਕੀਤੀ। ਇਹ ਮੀਟਿੰਗ ਪਾਰਟੀ ਦੇ ਸਹਿ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਪੰਜਾਬ ਦੇ ਹਰ ਮੁੱਦੇ ’ਤੇ ਚਰਚਾ ਕੀਤੀ ਗਈ। ਇਸ ਦੇ ਨਾਲ਼ ਹੀ ਆਗੂਆਂ ਨੇ ਭਰੋਸਾ ਦਿੱਤਾ ਕਿ ਇਸ ਔਖੀ ਘੜੀ ’ਚ ਸਮੁੱਚੀ ਲੀਡਰਸ਼ਿਪ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਦੇ ਨਾਲ਼ ਹਨ। ਇਹ ਜਾਣਕਾਰੀ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤੀ ਹੈ।ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਅਤੇ ਪਟਿਆਲਾ ਲੋਕ ਸਭਾ ਤੋਂ ਪਾਰਟੀ ਉਮੀਦਵਾਰ ਡਾ. ਬਲਬੀਰ ਸਿੰਘ ਨਾਲ਼ ਉਨ੍ਹਾਂ ਨੇ ਸੁਨੀਤਾ ਕੇਜਰੀਵਾਲ ਨਾਲ਼ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਦੇ ਸਹਿ ਇੰਚਾਰਜ ਜਰਨੈਲ ਸਿੰਘ ਸਮੇਤ ਸਮੁੱਚੀ ਲੀਡਰਸ਼ਿਪ ਨੇ ਭਰੋਸਾ ਦਿੱਤਾ ਕਿ ਸਮੁੱਚੀ ਪਾਰਟੀ ਹਲ਼ਕਾ ਉਮੀਦਵਾਰ ਦੇ ਨਾਲ਼ ਖੜ੍ਹੀ ਹੈ। ਇਸ ਮੌਕੇ ਚੋਣਾਂ ਸਬੰਧੀ ਵੀ ਚਰਚਾ ਹੋਈ। ਰੰਧਾਵਾ ਨੇ ਕਿਹਾ ਕਿ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਪਾਰਟੀ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣ ਨੂੰ ਲੈ ਕੇ ਲੋਕਾਂ ’ਚ ਭਾਰੀ ਗੁੱਸਾ ਹੈ ਜਦਕਿ ਲੋਕ ਜਾਣਦੇ ਹਨ ਕਿ ਅਰਵਿੰਦ ਕੇਜਰੀਵਾਲ ਲੋਕਾਂ ਲਈ ਲੜ ਰਿਹਾ ਹੈ। ਇਸ ਮੌਕੇ ਪਟਿਆਲਾ ਲੋਕ ਸਭਾ ਹਲਕੇ ਦੇ ਸਮੂਹ ਵਿਧਾਇਕਾਂ ਨੇ ਸੁਨੀਤਾ ਕੇਜਰੀਵਾਲ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤਣ ਲਈ ਦਿਨ ਰਾਤ ਇਕ ਕਰ ਦੇਣਗੇ।ਇਸ ਮੌਕੇ ਸਮੂਹ ਵਿਧਾਇਕਾਂ ਸਮੇਤ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਅਤੇ ਪਾਰਟੀ ਵਰਕਰ ਹਾਜ਼ਰ ਸਨ।