ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 23 ਅਪ੍ਰੈਲ
ਪਾਵਰਕੌਮ ਅਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਵਿਖੇ ਮਹਿੰਦਰ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਦਿਹਾਤੀ ਅਤੇ ਸ਼ਹਿਰੀ ਮੰਡਲ ਦੀ ਸਾਂਝੀ ਮੀਟਿੰਗ ਹੋਈ। ਇਸ ਸਮੇਂ ਸੂਬਾ ਆਗੂ ਸਿੰਦਰ ਧੌਲਾ, ਗੁਰਚਰਨ ਸਿੰਘ, ਜੱਗਾ ਸਿੰਘ, ਰੂਪ ਚੰਦ, ਗੌਰੀ ਸ਼ੰਕਰ, ਰਜਿੰਦਰ ਸਿੰਘ, ਜਗਦੀਸ਼ ਸਿੰਘ, ਸ਼ਿੰਗਾਰਾ ਸਿੰਘ ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲੋਕ/ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰਨ ਨਾਲ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਅਡਾਨੀ-ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। 44 ਕਿਰਤ ਕਾਨੂੰਨਾਂ ਦਾ ਭੋਗ ਪਾਕੇ 4 ਕੋਡਾਂ ਵਿੱਚ ਤਬਦੀਲੀ ਕਰਕੇ ਹਾਇਰ ਐਂਡ ਫਾਇਰ ਦੀ ਨੀਤੀ ਲਾਗੂ ਕਰਕੇ ਕਿਰਤੀਆਂ ਦੀ ਤਿੱਖੀ ਲੁੱਟ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਨਵੀਂ ਪੱਕੀ ਭਰਤੀ ਦੀ ਥਾਂ ਆਊਟਸੋਰਸ ਅਤੇ ਠੇਕੇਦਾਰੀ ਪ੍ਰਬੰਧ ਰਾਹੀਂ ਕਾਮਿਆਂ ਦੀ ਤਿੱਖੀ ਲੁੱਟ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ। ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਜਾਂ ਆਮ ਆਦਮੀ ਪਾਰਟੀ ਦੀ, ਕਿਰਤੀ ਕਾਮਿਆਂ ਨੂੰ ਲੁੱਟਣ ਅਤੇ ਕੁੱਟਣ ਦੀ ਨੀਤੀ ਇੱਕੋ ਹੀ ਹੈ। ਬਿਜਲੀ ਬਿਲ-2003 ਤੋਂ ਬਾਅਦ ਹੁਣ ਬਿਜਲੀ ਬਿੱਲ -2020 ਲਾਗੂ ਕਰਨ ਲਈ ਕੇਂਦਰੀ ਹਕੂਮਤ ਤਰਲੋ ਮੱਛੀ ਹੋ ਰਹੀ ਹੈ। ਜਿਸ ਨਾਲ ਪਾਵਰਕੌਮ ਦਾ ਰਹਿੰਦਾ ਸਰੂਪ ਵੀ ਅਡਾਨੀ-ਅੰਬਾਨੀ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਦਾ ਖਮਿਆਜ਼ਾ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਆਮ ਲੋਕਾਈ ਨੂੰ ਭੁਗਤਣਾ ਪਵੇਗਾ।ਇਸ ਸਮੇਂ ਹਰਨੇਕ ਸਿੰਘ ਸੰਘੇੜਾ, ਸਿਕੰਦਰ ਸਿੰਘ ਤਪਾ, ਮੋਹਣ ਸਿੰਘ ਛੰਨਾਂ, ਜਨਕ ਸਿੰਘ, ਜੀਤ ਸਿੰਘ, ਰਾਮ ਸਿੰਘ ਠੀਕਰੀਵਾਲਾ, ਰਾਮਪਾਲ ਸਿੰਘ,ਸਰਜੀਵਨ ਲਾਲ ਆਦਿ ਆਗੂਆਂ ਨੇ ਕਿਹਾ ਕਿ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਹਾੜਾ ਮੁੱਖ ਦਫ਼ਤਰ ਮੰਡਲ ਦਫ਼ਤਰ ਧਨੌਲਾ ਰੋਡ ਬਰਨਾਲਾ ਵਿੱਚ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਜਾਵੇਗਾ। ਸਾਰੇ ਪੈਨਸ਼ਨਰਜ਼ ਅਤੇ ਪ੍ਰੀਵਾਰਿਕ ਪੈਨਸ਼ਨਰਜ਼ ਨੂੰ ਸਵੇਰੇ 10 ਵਜੇ ਸਮੇਂ ਸਿਰ ਵੱਡੀ ਗਿਣਤੀ ਵਿੱਚ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਪਹੁੰਚਣ ਦੀ ਅਪੀਲ ਕੀਤੀ। ਆਗੂਆਂ ਨੇ ਪਾਵਰਕੌਮ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਨੂੰ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ।