ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 23 ਅਪ੍ਰੈਲ
ਪਿਛਲੇ ਸਮੇਂ 'ਚ ਜਗਰਾਓਂ ਇਲਾਕੇ 'ਚ ਵਿਛੋੜਾ ਦੇ ਗਏ ਇਨਕਲਾਬੀ ਸਾਥੀਆਂ ਦੀ ਯਾਦ 'ਚ ਇਨਕਲਾਬੀ ਕੇਂਦਰ ਪੰਜਾਬ ਅਤੇ ਪੇੰਡੂ ਮਜ਼ਦੂਰ ਯੂਨੀਅਨ ਵੱਲੋਂ ਯਾਦਗਾਰੀ ਸਮਾਗਮ ਕਰਵਾਇਆ ਗਿਆl ਸਥਾਨਕ ਸਹੀਦ ਨਛੱਤਰ ਸਿੰਘ ਯਾਦਗਾਰੀ ਹਾਲ 'ਚ ਕਰਵਾਏ ਸਮਾਗਮ ਦੀ ਪ੍ਰਧਾਨਗੀ ਇਨਕਲਾਬੀ ਆਗੂ ਬਲਵੰਤ ਮੱਖੂ, ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ, ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਕੀਤੀ l ਕੰਵਲਜੀਤ ਖੰਨਾ ਦੀ ਮੰਚ ਸੰਚਾਲਨਾ ਹੇਠ ਸਵਰਨ ਧਾਲੀਵਾਲ ਤੇ ਰਜਿੰਦਰ ਧਾਲੀਵਾਲ ਦੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਵੱਲੋਂ ਇਨਕਲਾਬੀ ਕਵੀਸ਼ਰੀਆਂ ਪੇਸ਼ ਕੀਤੀਆਂl ਹਾਜ਼ਰ ਪਰਿਵਾਰਾਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਵਿਛੜੇ ਸਾਥੀਆਂ ਵਿਦਿਆਰਥੀ ਆਗੂ ਸ਼ਹੀਦ ਸਾਥੀ ਮਲਕੀਤ ਮੱਲਾ, ਕਿਸਾਨ ਆਗੂ ਹਰਦੀਪ ਗਾਲਬ, ਅਧਿਆਪਕ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਆਗੂ ਗੁਰਚਰਨ ਸਿੰਘ ਹਠੂਰ, ਬਿਜਲੀ ਮੁਲਾਜਮ ਆਗੂ ਤੇ ਸਾਹਿਤਕਾਰ ਹਾਕਮ ਸਿੰਘ ਗਾਲਿਬ, ਪੀ ਏ ਯੂ ਮੁਲਾਜਮ ਯੂਨੀਅਨ ਦੇ ਆਗੂ ਸਾਥੀ ਅਮ੍ਰਿਤਪਾਲ, ਚਿੰਤਕ ਮਾਸਟਰ ਸੁਖਦੇਵ, ਅਧਿਆਪਕ ਆਗੂ ਨਾਇਬ ਸਿੰਘ ਰਸੂਲਪੁਰ, ਕਵੀਸ਼ਰ ਅਮਰਜੀਤ ਪਰਦੇਸੀ, ਕਿਸਾਨ ਆਗੂ ਗੁਰਮੇਲ ਸਿੰਘ ਭਰੋਵਾਲ, ਜਗਜੀਤ ਸਿੰਘ ਹਠੂਰ, ਗੁਰਮੇਲ ਸਿੰਘ ਗਾਲਬ, ਮਜ਼ਦੂਰ ਆਗੂ ਗੁਰਮੀਤ ਸਿੰਘ ਬੁੱਧੂ, ਸੁਖਦੇਵ ਸਿੰਘ ਭਮਾਲ, ਪਲਵਿੰਦਰ ਸਿੰਘ ਮਿੱਠਾ, ਨੌਜਵਾਨ ਭਾਰਤ ਸਭਾ ਦੇ ਵਰਕਰ ਰਾਮਸਹਾਇ ਰਾਮਾ, ਤਰਕਸ਼ੀਲ ਆਗੂ ਪੂਰਨ ਕਾਉਂਕੇ ਸਮੇਤ ਕਿਸਾਨ ਸੰਘਰਸ਼ ਦੇ ਸ਼ਹੀਦਾਂ ਸੋਹਣ ਸਿੰਘ ਕਾਉਂਕੇ, ਸੁਖਵਿੰਦਰ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਜਗਰਾਂਉ, ਬਲਕਰਨ ਸਿੰਘ ਲੋਧੀਵਾਲ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਤੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਫੁੱਲ ਪੱਤੀਆਂ ਭੇਂਟ ਕੀਤੀਆਂ। ਉਨ੍ਹਾਂ ਦੇ ਅਧੂਰੇ ਕਾਰਜ਼ ਲੁੱਟ ਜਬਰ ਅਤੇ ਦਾਬੇ ਤੋਂ ਰਹਿਤ ਨਵਾਂ ਜਮਹੂਰੀ ਸਮਾਜ ਸਿਰਜਣ ਲਈ ਸੰਗਰਾਮ ਜਾਰੀ ਰੱਖਣ ਦਾ ਅਹਿਦ ਕੀਤਾ। ਇਸ ਸਮੇਂ ਬੀਤੇ ਦਿਨੀਂ ਹਾਰਟ ਅਟੈਕ ਨਾਲ ਵਿਛੋੜਾ ਦੇ ਗਏ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸਰਗਰਮ ਵਰਕਰ ਗੁਰਜੀਤ ਸਿੰਘ ਭੰਮੀਪੁਰਾ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ l ਯਾਦਗਾਰੀ ਭਾਸ਼ਣ ਦਿੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਦੇਸ਼ ਭਰ 'ਚ ਇੱਕ ਵਾਰ ਫਿਰ ਕਾਰਪੋਰੇਟ ਤੇ ਸਾਮਰਾਜ ਪੱਖੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦਾ ਢਕਵੰਜ ਰਚਿਆ ਜਾ ਰਿਹਾ ਹੈ। ਇਸ ਚੋਣ ਅਮਲ ਦੌਰਾਨ ਲੋਕਾਂ ਦੇ ਅਸਲ ਮੁੱਦੇ ਗ਼ਰੀਬੀ, ਮਹਿੰਗਾਈ , ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਗਾਇਬ ਹਨl ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਰੀਆਂ ਪਾਰਟੀਆਂ ਤੋਂ ਪੁੱਛੋ ਕਿ ਗ਼ਰੀਬ ਤੇ ਅਮੀਰ ਦਾ ਪਾੜਾ ਕਿਵੇਂ ਖਤਮ ਹੋਵੇਗਾ? ਬੇਰੁਜ਼ਗਾਰੀ ਦਾ ਪੱਕਾ ਇਲਾਜ ਕੀ ਹੈ ? ਭ੍ਰਿਸ਼ਟਾਚਾਰ ਦਾ ਕਾਰਨ ਨਿੱਜੀ ਜਾਇਦਾਦ ਦਾ ਹੱਕ ਹੈ, ਕੀ ਉਹ ਖ਼ਤਮ ਕਰਨਗੇ? ਉਨ੍ਹਾਂ ਬੋਲਦਿਆਂ ਕਿਹਾ ਕਿਉਹ ਜਮਹੂਰੀਅਤ ਥੋਥੀ ਹੈ ਜਿਸ ਵਿੱਚ ਗੈਰ-ਬਰਾਬਰਤਾ ਹੈ l ਉਨਾਂ ਕਿਹਾ ਕਿ ਇਸ ਸਮੇ ਪੂਰੀ ਦੁਨੀਆਂ 'ਚ ਫਾਸ਼ੀਵਾਦ ਮੁੜ ਅਪਣੇ ਉਭਾਰ 'ਤੇ ਹੈ l ਵਾਤਾਵਰਣ ਤੇ ਪਰਮਾਣੂ ਹਥਿਆਰਾਂ ਦਾ ਮੁੱਦਾ ਅਤਿਅੰਤ ਗੰਭੀਰ ਹੈl ਉਨਾਂ ਕਿਹਾ ਕਿ ਇੱਕ ਪ੍ਰਤੀਸ਼ਤ ਲੋਕ ਦੁਨੀਆਂ ਦੀ ਚਾਲੀ ਪ੍ਰਤੀਸ਼ਤ ਧਨ ਦੌਲਤ 'ਤੇ ਕਾਬਜ਼ ਹਨ l ਦੁਨੀਆਂ 'ਚ ਅਰਬਪਤੀ ਕਾਰਪੋਰੇਟਾਂ ਦੀ ਗਿਣਤੀ ਪਿਛਲੇ ਦਸ ਸਾਲਾਂ 'ਚ ਹੀ ਦੁੱਗਣੀ ਹੋ ਚੁੱਕੀ ਹੈ ਅਤੇ ਅਮਰ ਵੇਲ ਵਾਂਗ ਵਧ ਰਹੀ ਹੈ l ਉਨਾਂ ਕਿਹਾ ਕਿ ਚੋਣਾਂ ਰਾਹੀਂ ਸਿਰਫ਼ ਚਿਹਰੇ ਹੀ ਬਦਲੇ ਜਾ ਸਕਦੇ ਹਨ, ਲੁਟੇਰੀ ਸੱਤਾ ਨਹੀਂ ਬਦਲੀ ਜਾ ਸਕਦੀ। ਵਿਗਿਆਨਕ ਵਿਚਾਰਧਾਰਾ ਨੂੰ ਪ੍ਰਣਾਈ ਇਨਕਲਾਬੀ ਲੋਕ ਲਹਿਰ ਤੇ ਖਰੀ ਇਨਕਲਾਬੀ ਪਾਰਟੀ ਹੀ ਰਾਜ ਤੇ ਸਮਾਜ ਬਦਲਣ ਦੀ ਗਰੰਟੀ ਹੈl ਉਨਾਂ ਸੰਯੁਕਤ ਕਿਸਾਨ ਮੋਰਚੇ ਦੇ ਨਾਹਰੇ ਭਾਜਪਾ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਓ ਨੂੰ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀl ਉਨਾਂ ਸਾਰੀਆਂ ਪਾਰਟੀਆਂ ਨੁੰ ਸਵਾਲ ਕਰਨ ਲਈ ਤਿਆਰੀਆਂ ਕਰਨ ਦਾ ਲੋਕਾਂ ਨੂੰ ਜ਼ੋਰਦਾਰ ਸੱਦਾ ਦਿੱਤਾlਇਸ ਸਮੇਂ ਮਾਸਟਰ ਹਰਬੰਸ ਸਿੰਘ ਅਖਾੜਾ, ਅਧਿਆਪਕ ਆਗੂ ਸੁਖਦੇਵ ਸਿੰਘ ਹਠੂਰ, ਮਜ਼ਦੂਰ ਆਗੂਆਂ ਅਵਤਾਰ ਸਿੰਘ ਰਸੂਲਪੁਰ, ਮਦਨ ਸਿੰਘ ਵੱਲੋਂ ਪਰਿਵਾਰਾਂ ਨੂੰ ਸਿਰੋਪੇ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆl ਮਨੀਸ਼ਾ,ਅਮ੍ਰਿਤ,ਸੰਦੀਪ ਗ਼ਾਲਿਬ ਨੇ ਵੀ ਵਿਚਾਰ ਸਾਂਝੇ ਕੀਤੇl ਜਥੇਬੰਦੀਆਂ ਵੱਲੋਂ ਪਹਿਲੀ ਮਈ ਸਮਾਗਮਾਂ ਵਿਸੇਸ਼ਕਰ ਪੰਜਾਬੀ ਭਵਨ ਲੁਧਿਆਣਾ ਪਲਸ ਮੰਚ ਵੱਲੋਂ ਰਾਤ ਭਰ ਦੇ ਨਾਟਕ ਮੇਲੇ 'ਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਗਿਆl