ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 24 ਅਪ੍ਰੈਲ
ਔਰਤ ਆਪਣੇ ਪਤੀ ਦੇ ਨਜਾਇਜ਼ ਸੰਬੰਧਾਂ ਤੋਂ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ l ਇਸ ਮਾਮਲੇ 'ਚ ਥਾਣਾ ਦੁਗਰੀ ਦੀ ਪੁਲਿਸ ਨੇ ਮ੍ਰਿਤਕਾ ਦਲਬੀਰ ਕੌਰ ਦੇ ਪਿਤਾ ਫਰੀਦਕੋਟ ਸਥਿਤ ਅਜੀਤ ਨਗਰ ਦੇ ਵਾਸੀ ਸ਼ਾਮ ਸਿੰਘ ਦੀ ਸ਼ਿਕਾਇਤ 'ਤੇ ਨਵਤੇਜ ਸਿੰਘ ਉਰਫ ਗੋਲਡੀ, ਚਰਨਜੀਤ ਕੌਰ ਤੇ ਬਾਬਾ ਦੀਪ ਸਿੰਘ ਨਗਰ ਦੀ ਰਹਿਣ ਵਾਲੀ ਪਰਮਜੀਤ ਕੌਰ ਖਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਫਰੀਦਕੋਟ ਦੇ ਰਹਿਣ ਵਾਲੇ ਸ਼ਾਮ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲੋਂ ਉਨ੍ਹਾਂ ਦੀ ਬੇਟੀ ਦਲਬੀਰ ਕੌਰ ਦਾ ਵਿਆਹ ਨਵਤੇਜ ਸਿੰਘ ਨਾਲ ਹੋਇਆ ਸੀl ਨਵਤੇਜ ਸਿੰਘ ਹੋਟਲ ਕੀਜ ਦੇ ਲਾਗੇ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈl ਚਰਨਜੀਤ ਕੌਰ ਨਾਂ ਦੀ ਔਰਤ ਨਵਤੇਜ ਸਿੰਘ ਦੇ ਦਫਤਰ 'ਚ ਕੰਮ ਕਰਦੀ ਹੈl ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਜਵਾਈ ਨਵਤੇਜ ਸਿੰਘ ਤੇ ਚਰਨਜੀਤ ਕੌਰ ਦੇ ਵਿਚਕਾਰ ਨਜਾਇਜ਼ ਸਬੰਧ ਸਨ l ਇਸ ਦੀ ਭਿਣਕ ਜਿਵੇਂ ਹੀ ਉਨ੍ਹਾਂ ਦੀ ਬੇਟੀ ਦਲਬੀਰ ਕੌਰ ਨੂੰ ਲੱਗੀ ਤਾਂ ਉਹ ਪਰੇਸ਼ਾਨ ਰਹਿਣ ਲੱਗ ਪਈ l ਕੁਝ ਦਿਨ ਪਹਿਲੋਂ ਉਨ੍ਹਾਂ ਦੇ ਦੋਹਤੇ ਦਾ ਫੋਨ ਆਇਆ ਕਿ ਉਸ ਦੀ ਮੰਮੀ ਦਲਬੀਰ ਕੌਰ ਬੇਹੋਸ਼ ਹੋ ਗਈ ਹੈl ਸ਼ਾਮ ਸਿੰਘ ਦਾ ਬੇਟਾ ਹਰਸਿਮਰਤ ਸਿੰਘ ਮੌਕੇ 'ਤੇ ਪਹੁੰਚਿਆ ਤੇ ਉਸ ਨੇ ਆਪਣੀ ਭੈਣ ਨੂੰ ਡੀਐਮਸੀ ਹਸਪਤਾਲ ਦਾਖਲ ਕਰਵਾਇਆ lਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਦਲਬੀਰ ਕੌਰ ਦੀ ਦੇਰ ਰਾਤ ਨੂੰ ਹੀ ਮੌਤ ਹੋ ਗਈ ਸੀl ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਬੇਟੀ ਨਵਤੇਜ ਸਿੰਘ ਅਤੇ ਚਰਨਜੀਤ ਕੌਰ ਦੇ ਨਜਾਇਜ਼ ਸਬੰਧਾਂ ਤੋਂ ਪਰੇਸ਼ਾਨ ਸੀl ਦਲਬੀਰ ਕੌਰ ਵੱਲੋਂ ਵਿਰੋਧ ਕਰਨ 'ਤੇ ਉਸ ਸੱਸ ਪਰਮਜੀਤ ਕੌਰ ਨੇ ਉਸ ਦੀ ਕੁੱਟਮਾਰ ਕੀਤੀ। ਇਸ ਸਭ ਤੋਂ ਦੁਖੀ ਹੋ ਕੇ ਉਸ ਦੀ ਧੀ ਨੇ ਜ਼ਹਿਰ ਨਿਗਲ ਕੇ ਆਪਣੀ ਜੀਵਨਲੀਲ੍ਹਾ ਖਤਮ ਕਰ ਲਈ l ਉਧਰੋਂ ਇਸ ਸਾਰੇ ਮਾਮਲੇ 'ਚ ਜਾਂਚ ਅਧਿਕਾਰੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸ਼ਾਮ ਸਿੰਘ ਦੀ ਸ਼ਿਕਾਇਤ 'ਤੇ ਨਵਤੇਜ ਸਿੰਘ ਉਰਫ ਗੋਲਡੀ, ਪਰਮਜੀਤ ਕੌਰ ਤੇ ਚਰਨਜੀਤ ਕੌਰ ਖਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।