ਬੀਬੀਐਨ ਨੈਟਵਰਕ ਪੰਜਾਬ, ਫਿਰੋਜ਼ਪੁਰ ਬਿਊਰੋ, 24 ਅਪ੍ਰੈਲ
ਤਲਵੰਡੀ ਭਾਈ ਦੇ ਮੇਨ ਚੋਂਕ ’ਚ ਤੇਜ਼ ਰਫਤਾਰ ਮਹਿੰਦਰਾ ਪਿੱਕਅੱਪ ਗੱਡੀ ਡਿਵਾਇਡਰ ਵਿਚ ਵੱਜਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਦੋ ਦੇ ਜ਼ਖਮੀਂ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਤਲਵੰਡੀ ਭਾਈ ਪੁਲਿਸ ਨੇ ਗੱਡੀ ਚਾਲਕ ਖਿਲਾਫ 304-ਏ, 279, 337, 338, 427 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜੋਗਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਮੱਤੜ ਉਤਾੜ ਨੇ ਦੱਸਿਆ ਕਿ ਉਸ ਦਾ ਭਰਾ ਬਗੀਚਾ ਸਿੰਘ, ਭਤੀਜਾ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਜੀਵਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਲੱਖਾ ਸਿੰਘ ਹਿਠਾੜ ਨਾਲ ਮਹਿੰਦਰਾ ਪਿੱਕਅੱਪ ਗੱਡੀ ਨੰਬਰ ਪੀਬੀ 05 ਏਕਓ 3288 ਜਿਸ ਨੂੰ ਰਾਂਝਾ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਓ ਕੇ ਹਿਠਾੜ ਚਲਾ ਰਿਹਾ ਸੀ, ਜੋ ਲਸਣ ਦੀ ਫਸਲ ਵੇਚਣ ਲਈ ਲੁਧਿਆਣਾ ਜਾ ਰਹੇ ਸੀ। ਕਰੀਬ 1 ਵਜੇ ਡਰਾਈਵਰ ਰਾਂਝਾ ਸਿੰਘ ਮਹਿੰਦਰਾ ਪਿੱਕਅੱਪ ਗੱਡੀ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਚਿਲਾ ਰਿਹਾ ਸੀ, ਜਿਸ ਨੇ ਮੇਨ ਚੋਂਕ ਤਲਵੰਡੀ ਭਾਈ ਨਜ਼ਦੀਕ ਡਿਵਾਇਡਰ ਵਿਚ ਮਾਰ ਦਿੱਤੀ। ਇਕ ਦਮ ਗੱਡੀ ਪਲਟ ਗਈ ਤੇ ਗੱਡੀ ਉਪਰ ਬੈਠੇ ਉਸ ਦੇ ਭਰਾ, ਭਤੀਜੇ ਅਤੇ ਜੀਵਨ ਸਿੰਘ ਦੇ ਗੱਡੀ ਥੱਲ੍ਹੇ ਆਉਣ ਕਰ ਕੇ ਕਾਫੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲੈ ਕੇ ਜਾ ਰਹੇ ਸੀ। ਰਸਤੇ ਵਿਚ ਬਗੀਚਾ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।