ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 25 ਅਪ੍ਰੈਲ
ਚਿੰਤਕਾਂ, ਬੁੱਧੀਜੀਵੀਆਂ ਨੇ ਫ਼ਿਕਰਮੰਦੀ ਪ੍ਰਗਟ ਕਰਦਿਆਂ ਕਿਹਾ ਕਿ ਨਫ਼ਰਤ ਦੀ ਸਿਆਸਤ ਨਾਲ ਭਾਰਤੀ ਸਮਾਜ ਨੂੰ ਫਿਰਕੂ ਲੀਹਾਂ ’ਤੇ ਵੰਡ ਕੇ ਵੋਟ-ਬੈਂਕ ਖੜ੍ਹਾ ਕਰਨ ਦੀ ਰਾਜਨੀਤੀ ਇਕ ਦਿਨ ਦੇਸ਼ ਦੇ ਟੁਕੜੇ-ਟੁਕੜੇ ਕਰ ਦੇਵੇਗੀ। ਕੇਂਦਰੀ ਸਿੰਘ ਸਭਾ ਦੇ ਕੈਂਪਸ ਵਿਚ ਬੁੱਧੀਜੀਵੀਆਂ ਨੇ ਨਫ਼ਰਤੀ ਚੋਣ ਪ੍ਰਚਾਰ ਦਾ ਵਿਰੋਧ ਕਰਦਿਆਂ ਹੁਕਮਰਾਨ ਧਿਰ ਭਾਜਪਾ ਨੂੰ ਦੂਸ਼ਣ-ਬਾਜ਼ੀ ਅਤੇ ਫਿਰਕੂ ਚੋਣ ਪ੍ਰਚਾਰਾਂ ਤੋਂ ਉਪਰ ਉੱਠ ਕੇ ਮੁੱਦਿਆਂ ਆਧਾਰਤ ਚੋਣ ਮੁਹਿੰਮ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ।ਇਸ ਮੌਕੇ ’ਤੇ ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਮਾਲਵਿੰਦਰ ਸਿੰਘ ਮਾਲੀ, ਡਾ. ਪਿਆਰਾ ਲਾਲ ਗਰਗ ਅਤੇ ਪ੍ਰੋ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦਾ ਘੱਟ ਗਿਣਤੀਆਂ ਪ੍ਰਤੀ ਘੁਸਪੈਠੀਏ ਸ਼ਬਦ ਨਿੰਦਣਯੋਗ ਹੈ। ਚਿੰਤਕਾਂ ਨੇ ਕਿਹਾ ਕਿ ਉਹ ਮੁੜ 1947 ਦੇ ਦੌਰ ਵਿਚ ਜਾ ਪਹੁੰਚੇ ਹਨ, ਜਦੋਂ ਵੱਖ ਵੱਖ ਧਾਰਮਿਕ ਬਰਾਦਰੀਆਂ ਨੇ ਆਪਣੇ ਧਰਮਾਂ ਨੂੰ ਰਾਜਨੀਤੀ ਦਾ ਹਥਿਆਰ ਦੇ ਤੌਰ ’ਤੇ ਵਰਤ ਕੇ, ਸਿਰਫ ਭਾਰਤ ਦੀ ਵੰਡ ਹੀ ਨਹੀਂ ਸੀ ਕੀਤੀ ਗਈ ਬਲਕਿ ਦਸ ਲੱਖ ਪੰਜਾਬੀਆਂ ਨੂੰ ਜਾਨਾਂ ਤੋਂ ਵੀ ਹੱਥ ਧੋਣੇ ਪਏ ਸਨ।ਉਨ੍ਹਾਂ ਕਿਹਾ ਕਿ ਘੱਟ-ਗਿਣਤੀਆਂ ਨੂੰ ਜਾਣ-ਬੁੱਝ ਕੇ ਦਿੱਤੇ ਭੜਕਾਉ ਬਿਆਨਾਂ ਉੱਤੇ ਤੈਸ਼ ਵਿਚ ਨਹੀਂ ਆਉਣਾ ਚਾਹੀਦਾ, ਸਗੋਂ ਹਿੰਦੂ ਸਮਾਜ ਅੰਦਰਲੇ ਦੱਬੇ-ਕੁੱਚਲੇ ਵੱਡੇ ਹਿੱਸੇ ਨਾਲ ਮੋਢੇ ਨਾਲ ਮੋਢਾ ਜੋੜਕੇ, ਜਮਹੂਰੀਅਤ ਨੂੰ ਬਚਾਉਣ ਅਤੇ ਸਮਾਜਿਕ ਨਿਆਂ ਵਾਲੀ ਸਿਆਸਤ ਵਿੱਚ ਸਰਗਰਮ ਹਿੱਸਾ ਪਾਉਣਾ ਚਾਹੀਦਾ ਹੈ। ਦੇਸ਼ ਦੀ ਏਕਤਾ-ਅਖੰਡਤਾ ਨੂੰ ਬਚਾਉਣ ਅਤੇ ਜਮਹੂਰੀਅਤ ਨੂੰ ਪੱਕਾ ਕਾਇਮ ਰੱਖਣ ਦੀ ਵੱਡੀ ਜ਼ਿੰਮੇਵਾਰੀ ਹਮੇਸ਼ਾ ਬਹੁਗਿਣਤੀ ਸਮਾਜ ਨੇ ਹੀ ਨਿਭਾਈ ਹੈ, ਕਿਉਂਕਿ ਨਫ਼ਰਤੀ ਸਿਆਸਤ ਨੇ ਤਾਂ ਹਮੇਸ਼ਾ ਘੱਟਗਿਣਤੀ ਭਾਈਚਾਰੇ ਨੂੰ ਸ਼ਿਕਾਰ ਬਣਾਇਆ ਹੈ।