ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 25 ਅਪ੍ਰੈਲ
ਮਦਨ ਕਰ ਵਿਭਾਗ ਵੱਲੋਂ ਅੱਜ ਲੁਧਿਆਣਾ-ਕਲਕੱਤਾ ਰੋਡਵੇਜ਼ ਟਰਾਂਸਪੋਰਟ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਆਮਦਨ ਕਰ ਵਿਭਾਗ ਨੂੰ ਆਮਦਨ ਨਾਲੋਂ ਘੱਟ ਕਰ ਜਮ੍ਹਾਂ ਕਰਵਾਉਣ ਦਾ ਖਦਸ਼ਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਲੁਧਿਆਣਾ-ਕਲਕੱਤਾ ਟਰਾਂਸਪੋਰਟ ਦੇ ਮਾਲਕ, ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਚੇਅਰਮੈਨ ਚਰਨ ਸਿੰਘ ਲੁਹਾਰਾ, ਜੇਸੀਕੇ ਇਨਵੈਂਸਟਮੈਂਟ ਪ੍ਰਾਈਵੇਟ ਲਿਮਟਿਡ ਦੇ ਮਾਲਕ ਤੇ ਟਰਾਂਸਪੋਰਟ ਜਸਬੀਰ ਸਿੰਘ ਢਿੱਲੋਂ ਅਤੇ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਯੋਗੇਸ਼ਵਰ ਸਿੰਘ ਲੁਹਾਰਾ ਦੇ ਲੁਧਿਆਣਾ ਤੇ ਕਲਕੱਤਾ ਸਥਿਤ ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਲੁਹਾਰਾ ਪਰਿਵਾਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਤੇ ਸ਼ੋੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਕਾਫ਼ੀ ਕਰੀਬੀ ਹੈ। ਆਮਦਨ ਕਰ ਵਿਭਾਗ ਨੇ ਲੁਹਾਰਾ ਪਰਿਵਾਰ ਦੇ ਅਗਰ-ਨਗਰ ਤੇ ਸਾਊਥ ਸਿਟੀ ਸਥਿਤ ਘਰਾਂ, ਟਰਾਂਸਪੋਰਟ ਨਗਰ ਲੁਧਿਆਣਾ ਤੇ ਕਲਕੱਤਾ ਵਿਚਲੇ ਦਫ਼ਤਰਾਂ ਅਤੇ ਲੁਧਿਆਣਾ ਦੀ ਪੱਖੋਂਵਾਲ ਰੋਡ ’ਤੇ ਸਥਿਤ ਦਫ਼ਤਰ ਵਿਖੇ ਦਸਤਕ ਦਿੱਤੀ ਹੈ।ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਕੇਂਦਰੀ ਸੁਰੱਖਿਆ ਬਲਾਂ ਨੂੰ ਨਾਲ ਲੈ ਕੇ ਇੱਕੋਂ ਸਮੇਂ ਸਾਰੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਭਾਵੇਂ ਛਾਪੇਮਾਰੀ ਬਾਰੇ ਅਧਿਕਾਰਤ ਤੌਰ ’ਤੇ ਕੁੱਝ ਵੀ ਨਹੀਂ ਆਖਿਆ ਗਿਆ, ਪਰ ਵਿਭਾਂਗ ਕੋਲ ਲੁਹਾਰਾ ਪਰਿਵਾਰ ਵੱਲੋਂ ਆਮਦਨ ਕਰ ਵਿੱਚ ਕਥਿਤ ਹੇਰਾਫ਼ੇਰੀ ਕਰਨ ਦੇ ਸਬੂਤ ਹਨ। ਹੋਰ ਤਾਂ ਹੋਰ ਵਿਭਾਗ ਕੋਲ ਲੁਹਾਰਾ ਪਰਿਵਾਰ ਕੋਲ ਵੱਡੀ ਮਾਤਰਾ ਵਿੱਚ ਅਚੱਲ ਤੇ ਚੱਲ ਜਾਇਦਾਦ ਹੋਣ ਦਾ ਵੀ ਖਦਸ਼ਾ ਹੈ।ਵਿਭਾਗ ਦੀਆਂ ਟੀਮਾਂ ਵੱਲੋਂ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਕਈ ਅਹਿਮ ਦਸਤਾਵੇਜ਼, ਲੈਪਟਾਪ, ਇਲੈਕਟ੍ਰਾਨਿਕ ਡਿਵਾਈਸ ਤੇ ਹੋਰ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ, ਜਿਸ ਦੀ ਪੜਤਾਲ ਤੋਂ ਬਾਅਦ ਸਾਰਾ ਮਾਮਲਾ ਸਾਫ਼ ਹੋਵੇਗਾ। ਖ਼ਬਰ ਲਿਖੇ ਜਾਣ ਤੱਕ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਦਾ ਕੰਮ ਜਾਰੀ ਸੀ