ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 28 ਅਪ੍ਰੈਲ
ਲੁਧਿਆਣਾ ਦੇ ਪੁਰਾਣੇ ਬਾਜ਼ਾਰ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਦੇਰ ਰਾਤ ਉਥੋਂ ਦੀ ਇਕ ਹੌਜ਼ਰੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ l ਮੁਢਲੀ ਜਾਂਚ ਤੋਂ ਮਾਮਲਾ ਸ਼ਾਰਟ ਸਰਕਟ ਦਾ ਹੀ ਜਾਪਦਾ ਹੈl ਫਿਲਹਾਲ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ lਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਪੁਰਾਣਾ ਬਾਜ਼ਾਰ ਦੇ ਸੈਦਾਂ ਚੌਕ 'ਚ ਇਕ ਹੌਜ਼ਰੀ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈl ਗਲੀਆਂ ਤੰਗ ਹੋਣ ਕਾਰਨ ਇਲਾਕਾ ਵਾਸੀਆਂ ਤੇ ਹੋਰ ਫੈਕਟਰੀ ਮਾਲਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ l ਦੇਰ ਰਾਤ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣੀ ਸ਼ੁਰੂ ਕੀਤੀl ਰਸਤਾ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਹਾਦਸੇ ਵਾਲੀ ਥਾਂ ਤੇ ਪਹੁੰਚਣ ਲਈ ਖਾਸੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ lਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਨੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ l ਸੁਰੱਖਿਆ ਦੇ ਮੱਦੇਨਜ਼ਰ ਇਲਾਕੇ 'ਚ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀlਉਧਰੋਂ ਇਸ ਮਾਮਲੇ ਵਿੱਚ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਇਲਾਕੇ ਦੀਆਂ ਕਈ ਥਾਵਾਂ 'ਤੇ ਅੱਗ ਬੁਝਾਉਣ ਲਈ ਪਾਣੀ ਦੇ ਪੰਪ ਲਗਾਏ ਹੋਏ ਹਨ ਪਰ ਮੌਕੇ 'ਤੇ ਕੋਈ ਵੀ ਪੰਪ ਕੰਮ ਨਹੀਂ ਆਇਆl ਇਲਾਕਾ ਵਾਸੀਆਂ ਦੇ ਮੁਤਾਬਕ ਪੰਪ ਚਾਲੂ ਹਾਲਤ 'ਚ ਨਹੀਂ ਸਨ l ਫਾਇਰ ਬ੍ਰਿਗੇਡ ਦੀ ਟੀਮ ਨੇ ਸਮੇਂ ਸਿਰ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਖੁਦਾ ਨ--ਖਾਸਤਾ ਜੇਕਰ ਅੱਗ ਫੈਲ ਜਾਂਦੀ ਤਾਂ ਇਹ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਤੰਗ ਇਲਾਕੇ 'ਚ ਹੌਜ਼ਰੀਆਂ ਤੇ ਹੋਰ ਫੈਕਟਰੀਆਂ ਨਾਲੋਂ ਨਾਲ ਜੁੜੀਆਂ ਹੋਈਆਂ ਹਨ ਅਤੇ ਇਹ ਇਲਾਕਾ ਸੰਘਣੀ ਆਬਾਦੀ ਵਾਲਾ ਵੀ ਹੈ l