ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ, 28 ਅਪ੍ਰੈਲ
ਨਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚਲਦੇ ਮਾਮਲਾ ਇਸ ਕਦਰ ਵਧ ਗਿਆ ਕਿ ਕੁਝ ਵਿਅਕਤੀਆਂ ਨੇ ਨੌਜਵਾਨ ਨੂੰ ਜਿੰਮ ਦੇ ਬਾਹਰੋਂ ਅਗਵਾ ਕਰ ਲਿਆl ਅੰਬਾਲੇ ਲਿਜਾਣ ਤੋਂ ਬਾਅਦ ਮੁਲਜ਼ਮਾਂ ਨੇ ਸਾਰੀ ਰਾਤ ਲੜਕੇ ਨੂੰ ਤਸੀਹੇ ਦਿੱਤੇ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ l ਸੂਤਰਾਂ ਮੁਤਾਬਕ ਹਾਲਤ ਜ਼ਿਆਦਾ ਖਰਾਬ ਹੁੰਦੀ ਦੇਖ ਉਨ੍ਹਾਂ ਵਿਅਕਤੀਆਂ ਨੇ ਪੁਲਿਸ ਨੂੰ ਖੁਦ ਹੀ ਫੋਨ ਕਰ ਦਿੱਤਾ l ਪੁਲਿਸ ਆਉਣ 'ਤੇ ਲੜਕੇ ਦਾ ਹੌਸਲਾ ਵਧਿਆ ਤੇ ਉਸਨੇ ਉਨ੍ਹਾਂ ਕੋਲੋਂ ਮੋਬਾਇਲ ਫੋਨ ਲੈ ਕੇ ਆਪਣੇ ਮਾਪਿਆਂ ਨਾਲ ਸੰਪਰਕ ਕੀਤਾ l ਇਸ ਮਾਮਲੇ ਵਿੱਚ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਪੁਲਿਸ ਨੇ ਰਾਜਪੁਰਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਿਡਨੈਪਿੰਗ ਦਾ ਮੁਕਦਮਾ ਦਰਜ ਕਰ ਲਿਆ ਹੈ।ਜਾਣਕਾਰੀ ਦਿੰਦਿਆਂ ਸ਼ਿਮਲਾਪੁਰੀ ਦੇ ਪ੍ਰੀਤ ਨਗਰ ਦੀ ਰਹਿਣ ਵਾਲੀ ਨਸੀਬ ਕੌਰ ਨੇ ਦੱਸਿਆ ਘੇਰ ਉਸਦਾ ਬੇਟਾ ਗੁਰਦਿਤ ਸਿੰਘ (26) ਰੇਰੂ ਸਾਹਿਬ ਗੁਰਦੁਆਰਾ ਦੇ ਕੋਲ ਪੈਂਦੇ ਵਰਲਡ ਵਾਈਡ ਜਿਮ ਵਿੱਚ ਸ਼ਾਮ ਵੇਲੇ ਕਸਰਤ ਕਰਨ ਜਾਂਦਾ ਹੈ l ਔਰਤ ਨੇ ਦੱਸਿਆ ਕਿ 25 ਅਪ੍ਰੈਲ ਰਾਤ 10 ਵਜੇ ਦੇ ਕਰੀਬ ਗੁਰਦਿਤ ਦੇ ਦੋਸਤ ਪ੍ਰਿੰਸ ਦਾ ਫੋਨ ਆਇਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਲਵਪ੍ਰੀਤ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਗੁਰਦਿੱਤ ਸਿੰਘ ਨੂੰ ਅਗਵਾ ਕਰ ਲਿਆ ਹੈ l ਨਸੀਬ ਕੌਰ ਨੇ ਦੱਸਿਆ ਕਿ ਉਹ ਉਸਨੂੰ ਸਾਰੀ ਰਾਤ ਲੱਭਦੇ ਰਹੇ ਪਰ ਲੜਕੇ ਸਬੰਧੀ ਕੋਈ ਜਾਣਕਾਰੀ ਨਾ ਮਿਲੀ l ਅਗਲੇ ਦਿਨ ਜਦ ਗੁਰਦਿੱਤ ਨਾਲ ਸੰਪਰਕ ਹੋਇਆ ਤਾਂ ਸਾਹਮਣੇ ਆਇਆ ਕਿ ਲਵਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦਿੱਤ ਨੂੰ ਅਗਵਾ ਕੀਤਾ ਸੀ ਅਤੇ ਅੰਬਾਲੇ ਨੇ ਜਾ ਕੇ ਉਸ ਨੂੰ ਸਾਰੀ ਰਾਤ ਤਸੀਹੇ ਦਿੱਤੇ ਗਏ l ਔਰਤ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਦੇ ਘਰ ਦੀ ਇੱਕ ਔਰਤ ਦੇ ਨਜਾਇਜ਼ ਸਬੰਧ ਗੁਰਦਿਤ ਦੇ ਨਾਲ ਹਨ l ਨਸੀਬ ਕੌਰ ਨੇ ਦੱਸਿਆ ਕਿ ਗੁਰਦਿੱਤ ਸਿੰਘ ਘਰ ਵਾਪਸ ਤਾਂ ਆ ਗਿਆ ਹੈ ਪਰ ਉਸ ਦੀ ਕੁੱਟਮਾਰ ਬਹੁਤ ਹੀ ਬੇਰਹਿਮੀ ਨਾਲ ਹੋਈ ਹੈ l ਉਧਰੋਂ ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੇ ਸਬ ਇੰਸਪੈਕਟਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲਵਪ੍ਰੀਤ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਕਿਡਨੈਪਿੰਗ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ l