ਬੀਬੀਐਨ ਨੈਟਵਰਕ ਪੰਜਾਬ, ਹੁਸ਼ਿਆਰਪੁਰ ਬਿਊਰੋ, 29 ਅਪ੍ਰੈਲ
ਛੇ ਫਰਵਰੀ ਨੂੰ ਬਿਜਲੀ ਵਿਭਾਗ ਦੀਆਂ ਤਰਾਂ ਠੀਕ ਕਰਨ ਲਈ ਖ਼ੰਭੇ ’ਤੇ ਚੜ੍ਹੇ ਮੁਲਾਜਮ ਨੂੰ ਲੱਗੇ ਕਰੰਟ ਤੋਂ ਬਾਅਦ ਉਸ ਦੀਆਂ ਬਾਹਾਂ ਕੱਟਣੀਆਂ ਪਈਆਂ। ਮਾਡਲ ਟਾਊਨ ਪੁਲਿਸ ਨੇ ਜੇਈ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਅਮਰਜੀਤ ਸਿੰਘ ਪੁੱਤਰ ਪੇਲੋ ਰਾਮ ਵਾਸੀ ਕਪਾਹਟ ਥਾਣਾ ਹਰਿਆਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਬਿਜਲੀ ਬੋਰਡ ਵਿਚ ਸੀਐਚਬੀ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ 06 ਫ਼ਰਵਰੀ ਨੂੰ ਉਹ ਆਪਣੇ ਡਿਊਟੀ ਸਥਾਨ ਪਥਿਆਲ ਫ਼ਤਿਹਪੁਰ ਵਿਖੇ ਸੀ ਤਾਂ ਜੇਈ ਇੰਦਰਜੀਤ ਸਿੰਘ ਨੇ ਸੀਨੀਅਰ ਲਾਈਨਮੈਨ ਗੋਪਾਲ ਸ਼ਰਮਾ ਨੂੰ ਫ਼ੋਨ ’ਤੇ ਕਿਹਾ ਕਿ ਦਸ਼ਮੇਸ਼ ਨਗਰ ਡਗਾਣਾ ਰੋਡ ’ਤੇ ਰਮਦਾਸ ਕਾਲਜ ਕੋਲ 11 ਕੇ ਵੀ ਤੋਂ ਲਾਈਟ ਖ਼ਰਾਬ ਹੈ। ਉਸ ਨੇ ਦੱਸਿਆ ਕਿ ਜੇ ਈ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਬਿਜਲੀ ਦੀ ਲਾਈਨ ਬੰਦ ਕਰਵਾ ਦਿੱਤੀ ਹੈ ਅਤੇ ਪਰਮਿਟ ਲੈ ਲਿਆ ਹੈ ਬਿਜਲੀ ਦੀ ਮੁਰੰਮਤ ਕੀਤੀ ਜਾਵੇ। ਉਸ ਨੇ ਦੱਸਿਆ ਕਿ ਉਹ ਬਿਜਲੀ ਠੀਕ ਕਰਨ ਲਈ ਉੱਪਰ ਚੜ੍ਹ ਗਿਆ ਪਰੰਤੂ ਬਿਜਲੀ ਚਾਲੂ ਹਾਲਤ ਵਿਚ ਜਿਸ ਕਾਰਨ ਉਸ ਨੂੰ ਕਰੰਟ ਪੈ ਗਿਆ ਅਤੇ ਉਹ ਬੁਰੀ ਤਰਾਂ ਨਾਲ ਝੁਲਸ ਕੇ ਹੇਠਾਂ ਡਿੱਗ ਪਿਆ। ਇਲਾਜ ਦੌਰਾਨ ਉਸ ਦੀਆਂ ਬਾਹਾਂ ਕੱਟੀਆਂ ਗਈਆਂ ਅਤੇ ਜੇਈ ਇੰਦਰਜੀਤ ਦੀ ਅਣਗਹਿਲੀ ਕਾਰਨ ਉਹ ਨਕਾਰਾ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।