ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 29 ਅਪ੍ਰੈਲ
ਮਹਾਨਗਰ ਦੇ ਐਂਟਰੀ ਪੁਆਇਟ ਸ਼ੇਰਪੁਰ ਚੌਕ ਐੱਸਪੀਐੱਸ ਹਸਪਤਾਲ ਦੇ ਨੇੜੇ ਐੱਨਐੱਚਏਆਈ ਦੇ ਪਲਾਂਟ ਵਿੱਚ ਪਏ ਕਬਾੜ ਨੂੰ ਅੱਜ ਸਵੇਰੇ 3 ਵਜੇ ਅੱਗ ਲੱਗ ਗਈ ਜਿਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਆ ਕੇ ਅੱਗ 'ਤੇ ਕਾਬੂ ਪਾਇਆ। ਇਥੇ ਇਹ ਦੱਸਣਾ ਵੀ ਉੱਚਿਤ ਹੋਵੇਗਾ ਇਸ ਪਲਾਂਟ ਦੇ ਸਾਹਮਣੇ ਸ਼ਹਿਰ ਦਾ ਨਾਮੀ ਹਸਪਤਾਲ ਹੈ ਜਿਸ ਵਿੱਚ ਸੈਂਕੜੇ ਮਰੀਜ਼ ਦਾਖ਼ਲ ਹੁੰਦੇ ਹਨ। ਜੇ ਕਿਤੇ ਹਨੇਰੀ ਚੱਲਦੀ ਹੁੰਦੀ ਤਾ ਕੁਝ ਵੀ ਹੋ ਸਕਦਾ ਸੀ। ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਚੋਣਾਂ ਦੌਰਾਨ ਸ਼ਹਿਰ ਦੀ ਐਂਟਰੀ ਪੁਆਇੰਟ ਦੀ ਕਾਇਆ ਕਲਪ ਦਾ ਵਾਅਦਾ ਕੀਤਾ ਸੀ ਪਰ ਇਹ ਪਲਾਂਟ ਅਜੇ ਤੱਕ ਚੁੱਕਿਆ ਨਹੀਂ ਗਿਆ ਜਿਸ ਕਾਰਨ ਇੱਥੇ ਹਮੇਸ਼ਾ ਧੂੜ ਮਿੱਟੀ ਉੱਡਦੀ ਰਹਿੰਦੀ ਹੈ। ਗਿਆਸਪੁਰਾ ਚੌਕ ਨੇੜੇ ਬੀਬੀ ਛੀਨਾ ਦੀ ਮਿਹਨਤ ਸਦਕਾ ਸੁੰਦਰ ਪਾਰਕ ਬਣ ਚੁੱਕਾ ਹੈ। ਹੁਣ ਸ਼ੇਰਪੁਰ ਚੌਕ 'ਚ ਪਾਰਕ ਕਦੋਂ ਬਣੇਗਾ ਜਿਸਦਾ ਜਨਤਾ ਬੇਸਬਰੀ ਨਾਲ ਇੰਤਜਾਰ ਕਰ ਰਹੀ ਹੈ।