ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 29 ਅਪ੍ਰੈਲ
ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਨੇ ਕਈ ਉਮੀਦਵਾਰਾਂ ਦੀ ਆਸਾਂ ਤੇ ਪਾਣੀ ਫਿਰ ਦਿੱਤਾ। ਜਿਨਾਂ ਵਿੱਚੋਂ ਇੱਕ ਹਨ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਜੋ ਆਪਣੀ ਸਬਰ ਦੇ ਬੰਨ ਕਾਰਨ ਚੁੱਪ ਸੀ ਪਰ ਹੁਣ ਉਹ ਚੁੱਪੀ ਵੀ ਟੁੱਟ ਗਈ ਹੈ।ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਤੋਂ ਖਫਾ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਦੇ ਕਾਂਗਰਸ ਪਾਰਟੀ ਛੱਡਣ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਦਲਬੀਰ ਨੇ ਆਪਣੇ ਫੇਸਬੁੱਕ ਪੇਜ ਉਤੇ ਲਿਖਿਆ ਹੈ ਕਿ ‘ਸੋਚਦੇ ਹਾਂ ਕਿ ਇਕ ਨਵਾਂ ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ, ਹਨੇਰਿਆਂ ਦੀ ਰਾਤ ਵਿਚ ਚਾਨਣ ਦੀ ਲੋੜ ਹੈ, ਦੀਵੇ ਨਹੀ ਜੁਗਨੂੰ ਸਹੀ ਪਰ ਜਗਦੇ ਰਹਾਂਗੇ।’ ਰਾਜਨੀਤੀ ਵਿੱਚ ਸਿਰ ਕੱਢ ਆਗੂ ਅਤੇ ਹਰ ਸਮੇਂ ਚਰਚਾਵਾਂ ਦੇ ਵਿੱਚ ਰਹਿਣ ਵਾਲੇ ਗੋਲਡੀ ਦੀ ਇਸ ਬਿਆਨਬਾਜ਼ੀ ਨੂੰ ਪਾਰਟੀ ਨਾਲ ਨਾਰਾਜ਼ਗੀ ਦੇ ਰੂਪ ਵਿਚ ਦੇਖ ਰਹੇ ਹਨ।ਵਿਧਾਨ ਸਭਾ ਦੀਆ ਚੋਣਾਂ ਵਿਚ ਗੋਲਡੀ ਤੇ ਭਗਵੰਤ ਮਾਨ ਆਹਮੋ ਸਾਹਮਣੇ ਸਨ। ਉਸ ਵਕਤ ਗੋਲਡੀ ਚੋਣ ਹਾਰ ਗਏ ਸਨ ਪਰ ਪਾਰਟੀ ਨੇ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਦਲਬੀਰ ਸਿੰਘ ਗੋਲਡੀ ਨੂੰ ਉਮੀਦਵਾਰ ਬਣਾਇਆ ਸੀ ਪਰ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਏ ਸਨ। ਗੋਲਡੀ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ। ਉਨਾਂ ਵਿਧਾਇਕ ਸੁਖਪਾਲ ਖਹਿਰਾ ਨੂੰ ਟਿਕਟ ਮਿਲਣ ਉਤੇ ਪਾਰਟੀ ਨਾਲ ਨਾਰਾਜ਼ਗੀ ਜਾਹਿਰ ਕਰਦਿਆਂ ਕਿਹਾ ਸੀ ਕਿ ਮਾੜੇ ਸਮੇ ਸੀਨੀਅਰ ਕਿੱਥੇ ਚਲੇ ਜਾਂਦੇ ਹਨ, ਉਦੋਂ ਸੀਨੀਅਰ ਕਿਊ ਅੱਗੇ ਨਹੀ ਆਉਂਦੇ। ਗੋਲਡੀ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖਹਿਰਾ ਉਨ੍ਹਾਂ ਦੇ ਘਰ ਪੁੱਜੇ ਸਨ। ਗੋਲਡੀ ਪਾਰਟੀ ਦੇ ਪ੍ਰਚਾਰ ਵਿਚ ਜੁਟ ਵੀ ਗਏ ਸਨ ਪਰ ਹੁਣ ਉਨ੍ਹਾਂ ਦੀ ਤਾਜ਼ਾ ਬਿਆਨਬਾਜ਼ੀ ਨੇ ਕਈ ਅਟਕਲਾਂ ਨੂੰ ਜਨਮ ਦਿੱਤਾ ਹੈ। ਗੋਲਡੀ ਨਾਲ ਕਈ ਵਾਰ ਗੱਲ ਕਰਨ ਦਾ ਯਤਨ ਕੀਤਾ ਪਰ ਉਨਾਂ ਦਾ ਮੋਬਾਇਲ ਫੋਨ ਬੰਦ ਹੋਣ ਕਰਕੇ ਸੰਪਰਕ ਨਹੀ ਹੋ ਸਕਿਆ। ਸਮਝਿਆ ਜਾਂਦਾ ਹੈ ਕਿ ਉਹ ਭਾਜਪਾ ਵਿਚ ਸ਼ਾਮਿਲ ਹੋ ਸਕਦੇ ਹਨ ਅਜੇ ਤੱਕ ਭਾਜਪਾ ਨੇ ਸੰਗਰੂਰ ਤੋ ਉਮੀਦਵਾਰ ਵੀ ਨਹੀ ਐਲਾਨਿਆ। ਜੇਕਰ ਦਲਬੀਰ ਗੋਲਡੀ ਪਾਰਟੀ ਛੱਡ ਦਿੰਦੇ ਹਨ ਤਾਂ ਕਾਂਗਰਸ ਲਈ ਇਕ ਹੋਰ ਝਟਕਾ ਹੋਵੇਗਾ ਪਹਿਲਾਂ ਵੀ ਪਾਰਟੀ ਦੇ ਕਈ ਸੀਨੀਅਰ ਆਗੂ ਪਾਰਟੀ ਛੱਡ ਚੁੱਕੇ ਹਨ।