ਬੀਬੀਐਨ ਨੈਟਵਰਕ ਪੰਜਾਬ, ਫਿਰੋਜ਼ਪੁਰ ਬਿਊਰੋ, 29 ਅਪ੍ਰੈਲ
ਗੁਰੂਹਰਸਹਾਏ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਆਹਮੋ-ਸਾਹਮਣੇ ਤਾਬੜਤੋੜ ਗੋਲ਼ੀਆਂ ਚੱਲੀਆਂ। ਇਸ ਕਾਰਵਾਈ ਦੌਰਾਨ ਇਕ ਨਸ਼ਾ ਤਸਕਰ ਨੂੰ ਕਾਬੂ ਵੀ ਕੀਤਾ ਗਿਆ ਹੈ ਜਦਕਿ ਉਸ ਦੇ ਬਾਕੀ ਸਾਥੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਖੇਤਾਂ ਰਸਤੇ ਭੱਜਣ ਵਿਚ ਕਾਮਯਾਬ ਹੋ ਗਏ। ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨਸ਼ਾ ਤਸਕਰ ਜਿਨ੍ਹਾਂ ਕੋਲ ਨਜਾਇਜ਼ ਅਸਲਾ ਵੀ ਹੈ, ਸ਼ਰੀਹ ਵਾਲਾ ਰੋਡ ਉੱਪਰ ਪਿੰਡ ਲਖਮੀਰਪੁਰਾ ਵਿਖੇ ਰੁਕੇ ਹੋਏ ਹਨ ਤੇ ਉਹ ਕਿਸੇ ਲੁੱਟ ਦੀ ਫ਼ਿਰਾਕ 'ਚ ਹਨ। ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਡੀਐਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ 'ਤੇ ਪੁੱਜੀ ਤਾਂ ਨਸ਼ਾ ਤਸਕਰਾ ਵੱਲੋਂ ਟੀਮ ਉੱਪਰ ਫਾਇਰਿੰਗ ਕੀਤੀ ਗਈ। ਬਚਾਅ ਲਈ ਪੁਲਿਸ ਨੇ ਵੀ ਫਾਇਰਿੰਗ ਕੀਤੀ। ਜਵਾਬੀ ਕਾਰਵਾਈ 'ਚ ਇਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਗਿਆ ਜਦਕਿ ਬਾਕੀ ਸਾਥੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਖੇਤਾਂ ਵਿੱਚੋਂ ਭੱਜਣ ਲਈ ਸਫਲ ਹੋ ਗਏ ਜਿਨਾਂ ਦੀ ਭਾਲ ਕੀਤੀ ਜਾ ਰਹੀ ਹੈ। ਫੜੇ ਗਏ ਨਸ਼ਾ ਤਸਕਰ ਦੀ ਪਛਾਣ ਰਾਹੁਲ ਪੁੱਤਰ ਮੱਖਣ ਸਿੰਘ ਤੇ ਭੱਜਣ ਵਾਲੇ ਉਸਦੇ ਸਾਥੀਆਂ ਦੀ ਪਛਾਣ ਰਾਜੂ ਪੁੱਤਰ ਚਿਰਾਗ, ਸਨੀ ਪੁੱਤਰ ਰੰਗਾ ਵਾਸੀ ਗੁਰੂਹਰਸਹਾਏ ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਉੱਪਰ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਭੱਜਣ ਵਾਲੇ ਨਸ਼ਾ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਹੈ।