ਬੀਬੀਐਨ ਨੈਟਵਰਕ ਪੰਜਾਬ, ਬਠਿੰਡਾ ਬਿਊਰੋ, 30 ਅਪ੍ਰੈਲ
1 ਜੂਨ ਨੂੰ ਪੰਜਾਬ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਅੱਜ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ 'ਚ ਉਤਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਧਰਮਪਤਨੀ ਬੀਬਾ ਅੰਮ੍ਰਿਤਾ ਵੜਿੰਗ ਜਿੱਥੇ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਉੱਥੇ ਉਨ੍ਹਾਂ ਨੇ ਕਾਫੀ ਸਮੇਂ ਤਖਤ ਸਾਹਿਬ ਵਿਖੇ ਤਖਤ ਸਾਹਿਬ ਨੂੰ ਜਾਂਦੀਆਂ ਪੌੜੀਆਂ ਦੀ ਸਫ਼ਾਈ ਕਰ ਕੇ ਸੇਵਾ 'ਚ ਹਿੱਸਾ ਪਾਇਆ।ਉਕਤ ਸੇਵਾ ਨਿਭਾਉਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਠਿੰਡਾ ਨੂੰ ਛੱਡ ਹੁਣ ਲੁਧਿਆਣਾ ਤੋਂ ਚੋਣ ਮੈਦਾਨ 'ਚ ਉਤਰਨ ਦੇ ਸਵਾਲ 'ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਹੋਣ ਨਾਤੇ ਉਹ ਤਾਂ ਚਾਹੁੰਦੇ ਸਨ ਕਿ ਕਿਤੋਂ ਵੀ ਚੋਣ ਨਾ ਲੜ ਕੇ ਸਗੋਂ ਸਮੁੱਚੇ ਪੰਜਾਬ 'ਚ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਰ ਜਦੋਂ ਲੰਬਾ ਸਮਾਂ ਕਾਂਗਰਸ ਸਰਕਾਰਾਂ 'ਚ ਸੱਤਾ ਸੁਖ ਭੋਗ ਕੇ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਨੂੰ ਛੱਡ ਕੇ ਧੋਖਾ ਕੀਤਾ ਤਾਂ ਕੁਲ ਹਿੰਦ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਰਣਨੀਤੀ ਬਣਾਈ ਤਾਂਕਿ ਪਾਰਟੀ ਨਾਲ ਗੱਦਾਰੀ ਕਰਨ ਵਾਲੇ ਨੂੰ ਸਬਕ ਸਿਖਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਪਾਰਟੀ ਹਾਈਕਮਾਨ ਦਾ ਹੁਕਮ ਸੁਪਰੀਮ ਹੈ। ਇਸ ਲਈ ਉਹ ਹੁਣ ਲੁਧਿਆਣੇ ਤੋਂ ਚੋਣ ਮੈਦਾਨ 'ਚ ਹਨ।ਇਸ ਮੌਕੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ, ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ, ਕ੍ਰਿਸ਼ਨ ਸਿੰਘ ਭਾਗੀਵਾਂਦਰ ਪ੍ਰਧਾਨ ਬਲਾਕ ਕਾਂਗਰਸ,ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਅਵਤਾਰ ਮੈਨੂੰਆਣਾ, ਕ੍ਰਿਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ, ਸਰਬਜੀਤ ਢਿੱਲੋਂ ਸਾਬਕਾ ਉੱਪ ਪ੍ਰਧਾਨ, ਭਾਗ ਸਿੰਘ ਕਾਕਾ, ਹਰਬੰਸ ਸਿੰਘ ਸਾਬਕਾ ਪ੍ਰਧਾਨ, ਮਨਜੀਤ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਕਰਨ ਗੁਰੂਸਰ, ਜਸਪਾਲ ਪਾਲਾ ਸਾਬਕਾ ਪ੍ਰਧਾਨ, ਗੋਲਡੀ ਗਿੱਲ, ਦਿਲਪ੍ਰੀਤ ਜਗਾ, ਅੰਮ੍ਰਿਤਪਾਲ ਗਹਿਲੇਵਾਲਾ, ਭੋਲਾ ਕਲਾਲਵਾਲਾ, ਗੁਰਮੇਲ ਲਾਲੇਆਣਾ, ਹਰਪਾਲ ਗਾਟਵਾਲੀ, ਸੁਰਜੀਤ ਸ਼ਿੰਦੀ ਆਦਿ ਆਗੂ ਮੌਜੂਦ ਸਨ।