ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 30 ਅਪ੍ਰੈਲ
ਅੱਜ ਸ਼ਹਿਰ ਦੇ ਇੱਕ ਨਾਮੀ ਫਾਸਟ ਫੂਡ ਵਾਲੀ ਦੁਕਾਨ 'ਤੇ ਉਸ ਸਮੇਂ ਗਾਹਕ ਨੇ ਹੰਗਾਮਾ ਕਰ ਦਿੱਤਾ ਜਦੋਂ ਉਸ ਵੱਲੋਂ ਮੰਗਵਾਏ ਪੀਜ਼ੇ 'ਚੋਂ ਮਰਿਆ ਹੋਇਆ ਕਾਕਰੋਚ ਨਿੱਕਲ ਆਇਆ। ਇਹ ਪੀਜ਼ਾ ਮੰਗਵਾਉਣ ਵਾਲੇ ਹਰਦੀਪ ਸਿੰਘ ਨਾਗਰਾ ਵਾਸੀ ਰਤੀਪੁਰ ਨੇ ਦੱਸਿਆ ਕਿ ਉਸਨੇ ਇਸ ਫਾਸਟ ਫੂਡ ਦੀ ਦੁਕਾਨ ਤੋਂ ਇੱਕ ਪੀਜ਼ਾ ਅਤੇ ਗਾਰਲਿਕ ਬਰੈੱਡ ਦਾ ਆਰਡਰ ਦਿੱਤਾ ਸੀ ਤੇ ਇਸਨੂੰ ਡਲਿਵਰ ਕਰਨ ਵਾਲਾ ਲੜਕਾ ਕਰੀਬ 3 ਵਜੇ ਘਰ ਉਸਨੂੰ ਇਹ ਸਾਮਾਨ ਦੇ ਗਿਆ।ਉਸਨੇ ਦੱਸਿਆ ਕਿ ਜਦੋਂ ਉਸਦੇ ਬੱਚਿਆਂ ਨੇ ਇਹ ਪੀਜ਼ਾ ਖਾਣਾ ਸ਼ੁਰੂ ਕੀਤਾ ਤਾਂ ਪੀਜ਼ੇ ਵਿਚੋਂ ਮਰਿਆ ਹੋਇਆ ਕਾਕਰੋਚ ਦਿਖਾਈ ਦਿੱਤਾ ਜਿਸ 'ਤੇ ਉਸਦੇ ਬੱਚਿਆਂ ਨੇ ਇਸਨੂੰ ਖਾਣਾ ਬੰਦ ਕਰ ਦਿੱਤਾ ਤੇ ਉਹ ਮਰੇ ਹੋਏ ਕਾਕਰੋਚ ਵਾਲਾ ਪੀਜ਼ਾ ਲੈ ਕੇ ਫਾਸਟ ਫੂਡ ਵਾਲੀ ਦੁਕਾਨ 'ਤੇ ਪਹੁੰਚਿਆਂ ਤਾਂ ਅੱਗੋਂ ਦੁਕਾਨ 'ਤੇ ਕੰਮ ਕਰ ਰਹੇ ਲੜਕਿਆਂ ਨੇ ਕਿਹਾ ਕਿ ਅਸੀਂ ਤਾਂ ਪੂਰੀ ਸਫ਼ਾਈ ਨਾਲ ਪੀਜ਼ਾ ਤਿਆਰ ਕੀਤਾ ਹੈ ਤੇ ਇਸ ਵਿੱਚ ਕਾਕਰੋਚ ਕਿੱਥੋਂ ਆਇਆ ਸਾਨੂੰ ਨਹੀਂ ਪਤਾ। ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਜੇਕਰ ਇਹ ਮਰਿਆ ਹੋਇਆ ਕਾਕਰੋਚ ਵਾਲਾ ਪੀਜ਼ਾ ਮੇਰੇ ਬੱਚੇ ਖਾ ਲੈਂਦੇ ਤਾਂ ਉਨ੍ਹਾਂ ਨੇ ਬਿਮਾਰ ਹੋ ਜਾਣਾ ਸੀ। ਹਰਦੀਪ ਸਿੰਘ ਨੇ ਕਿਹਾ ਕਿ ਉਸਨੇ ਸਿਹਤ ਵਿਭਾਗ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਕਰੇਗਾ ਤਾਂ ਜੋ ਇਹ ਗੰਦਾ ਖਾਣਾ ਸਪਲਾਈ ਕਰਨ ਵਾਲੇ ਫਾਸਟ ਫੂਡ ਦੁਕਾਨਦਾਰ ਖਿਲਾਫ਼ ਸਖ਼ਤ ਕਾਰਵਾਈ ਹੋਵੇ ਤਾਂ ਜੋ ਅੱਗੇ ਤੋਂ ਹੋਰ ਦੁਕਾਨਦਾਰ ਵੀ ਚੌਕੰਨੇ ਹੋ ਕੇ ਸਾਫ਼ ਸੁਥਰਾ ਖਾਣਾ ਸਪਲਾਈ ਕਰਨ।