ਬੀਬੀਐਨ ਨੈਟਵਰਕ ਪੰਜਾਬ, ਮਾਨਸਾ ਬਿਊਰੋ, 30 ਅਪ੍ਰੈਲ
ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਅਜ਼ਾਦ ਲੋਕਸਭਾ ਚੋਣ ਲੜਨ ਦੀ ਚਰਚਾ ਦਰਮਿਆਨ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਸੋਮਵਾਰ ਦੇਰ ਸ਼ਾਮ ਪਿੰਡ ਮੂਸਾ ਵਿਖੇ ਹਵੇਲੀ ’ਚ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਸਮੇਤ ਪਹੁੰਚੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਗਿਲਾ ਕੀਤਾ ਕਿ ਲੋਕਸਭਾ ਚੋਣਾਂ ਦੇ ਇਸ ਦੌਰ ਦੌਰਾਨ ਮਿਲ ਰਹੀਆਂ ਟਿਕਟਾਂ ਦੇ ਕਿਸੇ ਵੀ ਉਮੀਦਵਾਰ ਨੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਿਆਂ ਦੇ ਸਬੰਧ ’ਚ ਮੁੱਦਾ ਬਣਾਉਂਦੇ ਹੋਏ ਅਵਾਜ਼ ਨਹੀਂ ਚੁੱਕੀ। ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਦ ਟਿਕਟ ਮਿਲੀ ਤਾਂ ਉਹ ਪਹਿਲਾਂ ਬਲਕੌਰ ਸਿੰਘ ਕੋਲ ਆਏ ਸਨ। ਉਸ ਦਿਨ ਸਿਆਸੀ ਤੌਰ ’ਤੇ ਨਹੀਂ ਪਰਿਵਾਰਕ ਗੱਲਾਂ ਹੋਈਆਂ। ਉਸ ਦਿਨ ਇਹ ਗੱਲ ਜ਼ਰੂਰ ਕੀਤੀ ਕਿ ਜਿਸ ਦਿਨ ਮੈਂਬਰ ਪਾਰਲੀਮੈਂਟ ਬਣਿਆਂ ਤਾਂ ਸਿੱਧੂ ਮੂਸੇਵਾਲਾ ਦੇ ਮਾਮਲੇ ’ਚ ਅਵਾਜ਼ ਜ਼ਰੂਰ ਉਠਾਵਾਂਗਾ ਅਤੇ ਪਾਰਲੀਮੈਂਟ ਜਾ ਕੇ ਤਕੜਾ ਵਕੀਲ ਬਣ ਕੇ ਕੇਸ ਲੜਾਂਗਾ। ਉਨ੍ਹਾਂ ਕਿਹਾ ਕਿ ਹੁਣ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਮੈਂਬਰ ਪਾਰਲੀਮੈਂਟ ਬਣੇ ਤਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਵੀ ਸਿੱਧੂ ਮੂਸੇਵਾਲਾ ਦਾ ਨਿਆਂ ਲੈ ਕੇ ਦੇਵਾਂਗੇ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਨਿਆਂ ਨਹੀਂ ਮਿਲਿਆ। ਕਾਂਗਰਸ ਦੇ ਸਾਡੇ ਲੀਡਰ ਨਿੱਜੀ ਤੌਰ ’ਤੇ ਆਏ ਅਤੇ ਰਾਜਾ ਵੜਿੰਗ ਵੀ ਘਰ ਆ ਕੇ ਗਏ। ਉਨ੍ਹਾਂ ਦਾ ਮਨ ਇਹ ਸੀ ਕਿ ਨਿਆਂ ਲੈਣ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੁਦ ਪਾਰਲੀਮੈਂਟ ’ਚ ਜਾਣ ਅਤੇ ਫ਼ਿਰ ਗੱਲ ਚੁੱਕੀ ਜਾਵੇ। ਲਗਾਤਾਰ ਸੰਪਰਕ ਹੋਇਆ ਅਤੇ ਜਦ ਹਾਂ ਨਹੀਂ ਭਰੀ ਗਈ ਫ਼ਿਰ ਇਹ ਟਿਕਟ ਅੱਗੇ ਗਈ ਅਤੇ ਹੁਣ ਜੀਤ ਮਹਿੰਦਰ ਸਿੰਘ ਸਿੱਧੂ ਮੂਸੇਵਾਲਾ ਨੂੰ ਦਿੱਤੀ ਗਈ। ਪਿਛਲੇ ਦਿਨ੍ਹਾਂ ‘ਚ ਬਲਕੌਰ ਸਿੰਘ ਜੀ ਨਾਲ ਕੁੱਝ ਮਤਭੇਦ ਹੋਏ ਸਨ, ਪਰ ਅੱਜ ਸਾਡੀ ਹੁਣ ਗੱਲ ਹੋਈ ਹੈ। ਅਸੀਂ ਵਿਸ਼ਵਾਸ ਦਿਵਾਇਆ ਹੈ ਕਿ ਸਿੱਧੂ ਮੂਸੇਵਾਲਾ ਦੀ ਜਾਂਚ ਦੀ ਲੜਾਈ ਸਾਡੇ ਵੱਲੋਂ ਅਤੇ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਤੇ ਸਾਰੇ ਮਿਲ ਕੇ ਲੜਾਂਗੇ। ਪੰਜਾਬ ’ਚ ਜਦ ਚੋਣ ਪ੍ਰਚਾਰ ਮੁਹਿੰਮ ਚੱਲੇਗੀ ਤਾਂ ਸਿੱਧੂ ਮੂਸੇਵਾਲਾ ਦੀ ਨਿਆਂ ਦੀ ਗੱਲ ਹੋਵੇਗੀ। ਉਹ ਦਿਨ ਜ਼ਰੂਰ ਆਵੇਗਾ ਜਿਸ ਦਿਨ ਇਹ ਸਾਰੀ ਗੱਲ ਬਾਹਰ ਨਿਕਲੇਗੀ ਅਤੇ ਮੁਲਜ਼ਮਾਂ ਨੂੰ ਸਜ਼ਾਵਾਂ ਜ਼ਰੂਰ ਮਿਲਣਗੀਆਂ।