ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 30 ਅਪ੍ਰੈਲ
ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਚੋਣ ਨਿਸ਼ਾਨ ‘ਪੰਜਾ’ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾ ਕਹਿਣ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਕਾਂਗਰਸੀ ਆਗੂ ਅੰਮ੍ਰਿਤਾ ਵੜਿੰਗ ਨੂੰ ਤਾੜਨਾ ਕਰਦਿਆਂ ਕਿਹਾ ਸੀ ਕਿ ਉਹ ਆਪਣੀ ਗਲਤੀ ਮੰਨ ਕੇ ਤੌਬਾ ਕਰਨ ਤੇ ਮਾਫੀ ਮੰਗਣ। ਇਸ ਚਿਤਾਵਨੀ ਤੋਂ ਬਾਅਦ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕਰਕੇ ਗੁਰੂ ਜੀ ਤੋਂ ਗੁਰੂ ਰੂਪੀ ਸਾਧ ਸੰਗਤ ਤੋਂ ਹੱਥ ਜੋੜ ਕੇ ਮੁਆਫੀ ਮੰਗੀ ਹੈ।ਉਨ੍ਹਾਂ ਇਸ ਵੀਡੀਓ ਵਿਚ ਕਿਹਾ ਕਿ ਅਣਜਾਣੇ ਵਿਚ ਚੋਣ ਪ੍ਰਚਾਰ ਦੌਰਾਨ ਕਹੀ ਗੱਲ 'ਤੇ ਉਹ ਬਹੁਤ ਸ਼ਰਮਿੰਦਾ ਹੈ ਤੇ ਗੁਰੂ ਮਹਾਰਾਜ ਤੇ ਗੁਰੂ ਰੂਪੀ ਸਾਧ ਸੰਗਤ ਤੋਂ ਮਾਫੀ ਮੰਗਦੀ ਹੈ। ਸਭ ਤੋਂ ਪਹਿਲਾਂ ਮੈਂ ਦੋਵੇਂ ਹੱਥ ਜੋੜ ਕੇ ਉਹਨਾਂ ਸਭ ਤੋਂ ਮੁਆਫ਼ੀ ਮੰਗਣੀ ਚਾਹੁੰਦੀ ਹਾਂ ਜਿਹਨਾਂ ਦੀਆਂ ਭਾਵਨਾਵਾਂ ਨੂੰ ਮੇਰੇ ਅਣਜਾਣੇ ਵਿੱਚ ਬੋਲੇ ਗਏ ਬਿਆਨ ਤੋਂ ਠੇਸ ਪਹੁੰਚੀ ਹੈ। ਉਸ ਗੁਰੂ ਸਾਹਿਬ ਤੋੰ ਬਗੈਰ ਅਸੀਂ ਕੁੱਝ ਵੀ ਨਹੀਂ ਹਾਂ ਅਤੇ ਉਹਨਾਂ ਦੀ ਮਹਿਮਾ ਵਿਰੁੱਧ ਅਸੀਂ ਕਦੇ ਵੀ ਕੁੱਝ ਨਹੀਂ ਬੋਲ ਸਕਦੇ। ਮੈਂ ਤਾਂ ਉਸ ਅਕਾਲ ਪੁਰਖ ਦੀ ਇੱਕ ਨਿਮਾਣੀ ਜਿਹੀ ਸੇਵਾਦਾਰ ਹਾਂ, ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਹ ਵਾਹਿਗੁਰੂ ਅਤੇ ਸੰਗਤ ਬਖਸ਼ਣਹਾਰ ਹੈ ਮੈਂ ਆਪ ਸਭ ਜੀ ਪਾਸੋਂ ਮੁਆਫ਼ੀ ਮੰਗਦੀ ਹੋਈ ਭੁੱਲ ਬਖਸ਼ਾਉਂਦੀ ਹਾਂ।ਜ਼ਿਕਰਯੋਗ ਹੈ ਕਿ ਬੀਤੇ ਦਿਨੀ ਬਠਿੰਡਾ ਦੇ ਇਕ ਪ੍ਰੋਗਰਾਮ ਵਿੱਚ ਅੰਮ੍ਰਿਤਾ ਵੜਿੰਗ ਵੱਲੋਂ ਇਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ , ਡਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ । ਇਸ ਵੀਡੀਓ ’ਚ ਅੰਮ੍ਰਿਤਾ ਵੜਿੰਗ ਨੇ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਦੀ ਤੁਲਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਸਾਹਿਬਾਨ ਦੇ ਹੱਥ ਨਾਲ ਕਰ ਕੇ ਨਵਾਂ ਵਿਵਾਦ ਛੇੜ ਦਿੱਤਾ। ਅਕਾਲੀ ਦਲ ਨੇ ਵੀਡਿਓ ਦੇ ਆਧਾਰ ’ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਵਾਇਰਲ ਵੀਡੀਓ ਇਕ ਨਿੱਜੀ ਚੈਨਲ ਦੇ ਲੋਗੋ ਵਾਲੇ ਫੇਸਬੁੱਕ ਪੇਜ ਦੀ ਹੈ। ਇਸ ਵੀਡੀਓ ’ਚ ਅੰਮ੍ਰਿਤਾ ਵੜਿੰਗ ਇਕ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਹਿ ਰਹੇ ਹਨ, ‘ਤੁਹਾਡੀ ਵੋਟ ਸੱਚੇ ਪਾਤਸ਼ਾਹ ਬਾਬੇ ਨਾਨਕ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ।’ ਉਹ ਕਹਿ ਰਹੇ ਹਨ ਕਿ ਗੁਰੂ ਨਾਨਕ ਦੇਵ ਜੀ, ਮਹਾਂਵੀਰ ਜੀ ਤੇ ਹੋਰ ਗੁਰੂਆ ਦਾ ਨਿਸ਼ਾਨ ਅਕਸਰ ਪੰਜਾ ਹੋਇਆ ਕਰਦਾ ਸੀ। ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣ ਨਿਸ਼ਾਨ ਪੰਜਾਂ ਉਨ੍ਹਾਂ ਗੁਰੂਆ ਕਰਕੇ ਹੀ ਚੁਣਿਆ ਹੈ। ਉਨ੍ਹਾਂ ਵੋਟਰਾਂ ਅਪੀਲ ਕੀਤੀ ਕਿ ਉਹ ਅੱਜ ਉਨ੍ਹਾਂ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਏ ਹਨ। ਉਹ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਏ ਹਨ, ਜਿਸਨੇ ਸਾਨੂੰ ਅਜ਼ਾਦੀ ਦਿਵਾਈ ਹੈ।