ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 30 ਅਪ੍ਰੈਲ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਚੋਣ ਲੜ ਰਹੇ ਸੰਗਰੂਰ ਤੋਂ ਬਾਹਰੀ ਉਮੀਦਵਾਰਾਂ ਉੱਤੇ ਤੰਜ ਕਸਦਿਆਂ ਕਿਹਾ ਕਿ ਜਿਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਲ 2022 ’ਚ ਸਾਡੇ ਉਮੀਦਵਾਰ ਲਾਭ ਸਿੰਘ ਉਗੋਕੇ ਤੋਂ ਹਾਰਨ ਤੋਂ ਬਾਅਦ ਦੋ ਸਾਲ ਭਦੌੜ ਵਾਸੀਆਂ ਨੂੰ ਸ਼ਕਲ ਨਹੀ ਵਿਖਾਈ, ਉਵੇਂ ਹੀ ਦੋਆਬੇ ਤੋਂ ਆਇਆ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਚੋਣਾਂ ਤੋਂ ਬਾਅਦ ਮੁੜ ਸੰਗਰੂਰ ਨਹੀਂ ਆਵੇਗਾ।ਤਪਾ ਮੰਡੀ ਤੇ ਭਦੌੜ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਤੇ ਭਦੌੜ ਵਾਸੀ ਬਾਹਰੀ ਉਮੀਦਵਾਰਾਂ ਨੂੰ ਬਾਹਰ ਦਾ ਰਾਸਤਾ ਦਿਖਾਉਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਸਾਰੀਆਂ ਪਾਰਟੀਆਂ ਦੀ ਅਸਲੀਅਤ ਜਾਣ ਚੁੱਕੇ ਹਨ ਜਿਸ ਕਾਰਨ ਹੁਣ ਉਹ ਹਲਕੇ ਬਦਲ ਕੇ ਚੋਣ ਲੜ ਰਹੇ ਹਨ। ਕਾਂਗਰਸੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਪਹਿਲਾਂ ਭਦੌੜ ਤੋਂ ਚੋਣ ਲੜਾਈ ਤੇ ਫ਼ਿਰ ਹੁਣ ਜਲੰਧਰ ਭੇਜ ਦਿੱਤਾ। ਚੰਨੀ ਭਦੌੜ ਤੋਂ ਚੋਣ ਹਾਰ ਕੇ ਦੁਬਾਰਾ ਮੁੜ ਕੇ ਭਦੌੜ ਨਹੀਂ ਆਇਆ ਤੇ ਹੁਣ ਖਹਿਰਾ ਵੀ ਭੁਲੱਥ ਤੋਂ ਸੰਗਰੂਰ ਆਇਆ ਹੈ ਤੇ ਚੋਣ ਨਤੀਜਿਆਂ ਤੋਂ ਬਾਅਦ ਮੁੜ ਕੇ ਸੁਖਪਾਲ ਖਹਿਰਾ ਨੇ ਸਤਲੁਜ ਦਰਿਆ ਪਾਰ ਨਹੀਂ ਕਰਨਾ। ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਮੀਤ ਹੇਅਰ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਸਭਾ ਚੋਣਾਂ ’ਚ ਭਦੌੜ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਲੀਡ ਦਿਵਾਉਣਗੇ। ਮੀਟਿੰਗਾਂ ’ਚ ਪਾਰਟੀ ਅਹੁਦੇਦਾਰਾਂ ਤੇ ਵਲੰਟੀਅਰਾਂ ਦੀ ਵੱਡੀ ਸ਼ਮੂਲੀਅਤ ਤੇ ਜੋਸ਼ ਸਦਕਾ ਰੈਲੀਆਂ ਸਫ਼ਲ ਹੋ ਨਿਬੜੀਆਂ। ਸਮੂਹ ਪਾਰਟੀ ਵਰਕਰਾਂ ਨੇ ਆਖਿਆ ਕਿ ਉਹ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਤੱਕ ਲਿਜਾਣਗੇ ਤੇ ਮੀਤ ਹੇਅਰ ਦੀ ਜਿੱਤ ਯਕੀਨੀ ਬਣਾਉਣਗੇ।